ਖੰਨਾ, 26 ਫਰਵਰੀ (ਹਰਜਿੰਦਰ ਸਿੰਘ ਲਾਲ)-ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਖੰਨਾ ਦੇ ਦੁਸਹਿਰਾ ਗਰਾਊਾਡ ਵਿਚ 21 ਫਰਵਰੀ ਤੋਂ 2 ਮਾਰਚ ਤੱਕ ਕਰਵਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਮੇਲਾ 2026 ਦੇ ਪੰਜਵੇਂ ਦਿਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਪੁੱਜੇ | ਉਨ੍ਹਾਂ ਦੀ ਮੌਜੂਦਗੀ ਨਾਲ ਮੇਲੇ ਦੀ ਰੌਣਕ ਹੋਰ ਵੀ ਵੱਧ ਗਈ ਅਤੇ ਲੋਕਾਂ ਵਿਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲਿਆ | ਡਿਪਟੀ ਕਮਿਸ਼ਨਰ ਨੇ ਮੇਲੇ ਦੇ ਵੱਖ-ਵੱਖ ਸਟਾਲਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਸੈੱਲਫ਼ ਹੈਲਪ ਗਰੁੱਪਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਵੱਲੋਂ ਤਿਆਰ ਕੀਤੇ ਸਾਮਾਨ ਬਾਰੇ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਨੇ ਹੱਥੋਂ ਬਣੇ ਕੱਪੜੇ, ਫੁਲਕਾਰੀ, ਹਸਤ-ਸ਼ਿਲਪ ਅਤੇ ਘਰੇਲੂ ਖਾਣ-ਪੀਣ ਦੀਆਂ ਵਸਤਾਂ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਅਤੇ ਮਹਿਲਾਵਾਂ ਨੂੰ ਹੋਰ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗੋਲ ਗੱਪੇ ਅਤੇ ਚਾਟ ਦਾ ਸੁਆਦ ਲਿਆ, ਕਈ ਖੇਡਾਂ ਖੇਡ ਕੇ ਮਨੋਰੰਜਨ ਕੀਤਾ ਅਤੇ ਰਵਾਇਤੀ ਕੁਸ਼ਤੀ ਸਮੇਤ ਹੋਰ ਲੋਕ ਖੇਡਾਂ ਦੇ ਮੁਕਾਬਲੇ ਵੇਖੇ | ਉੱਥੇ ਹੀ ਦੂਜੇ ਪਾਸੇ ਸਟਾਰ ਨਾਇਟ ਤਹਿਤ ਪੁੱਜੀ ਪੰਜਾਬੀ ਗਾਇਕਾ ਮੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਬਦੌਲਤ ਰੌਣਕਾਂ ਪਰਤੀਆਂ ਹਨ |