ਖੰਨਾ, 7 ਮਾਰਚ (ਹਰਜਿੰਦਰ ਸਿੰਘ ਲਾਲ)-ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਮਾਰਕੀਟ ਕਮੇਟੀ ਖੰਨਾ ਦੇ ਮੀਟਿੰਗ ਹਾਲ ਵਿਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਵਲੋਂ 'ਆਪਣਾ ਕਾਰੋਬਾਰ, ਆਪਣੀ ਪਹਿਚਾਣ' ਅਧੀਨ ਬਲਾਕ ਖੰਨਾ ਦੀਆਂ ਕਰੀਬ 100 ਮਹਿਲਾ ਉੱਦਮੀਆਂ ਨੂੰ ਨਗਦ ਰਾਸ਼ੀ, ਫੁਲਕਾਰੀ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸੌਂਦ ਨੇ ਕਿਹਾ ਕਿ ਹਲਕਾ ਖੰਨਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਵਿਚੋਂ ਮਹਿਲਾ ਉੱਦਮੀਆਂ ਜਿਨ੍ਹਾਂ ਨੇ ਦੋਹਰੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਿੱਥੇ ਆਪਣੀ ਪਰਿਵਾਰਕ ਜ਼ਿੰਮੇਵਾਰੀ ਚੁੱਕੀ ਹੋਈ ਹੈ, ਉੱਥੇ ਸਮਾਜਿਕ ਖੇਤਰ ਵਿਚ ਅੱਗੇ ਵਧਣ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ | ਜਿਵੇਂ ਕਿ ਸੈੱਲਫ਼ ਹੈਲਪ ਗਰੁੱਪਾਂ ਵਿਚ ਕੰਮ ਕੀਤੇ ਜਾਂ ਫਿਰ ਵਿਅਕਤੀਗਤ ਕੰਮ ਕਢਾਈ, ਬਣਾਈ, ਅਚਾਰ ਪਾਉਣਾ, ਮੁਰੱਬੇ ਪਾਉਣਾ, ਹੱਥੀ ਬੈਗ ਬਣਾਉਣਾ, ਬੇਕਰੀ ਦਾ ਕੰਮ, ਬੱਚਿਆਂ ਦੀਆਂ ਵਰਦੀਆਂ ਬਣਾਉਣਾ ਆਦਿ ਸੈਂਕੜੇ ਕੰਮ ਸਾਡੀਆਂ ਮਾਤਾਵਾਂ ਅਤੇ ਭੈਣਾਂ ਕਰਦੀਆਂ ਹਨ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਲਾ ਸਸ਼ਕਤੀਕਰਨ ਨੂੰ ਪ੍ਰੋਤਸਾਹਨ ਕਰਨ ਲਈ ਹਰ ਬਲਾਕ ਪੱਧਰ ਉੱਤੇ 100-100 ਮਹਿਲਾ ਉੱਦਮੀਆਂ ਦਾ ਇਸੇ ਲੜੀ ਅਧੀਨ ਸਨਮਾਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਕੁੱਲ 11700 ਮਹਿਲਾ ਉੱਦਮੀਆਂ ਨੂੰ ਬਲਾਕ ਪੱਧਰ 'ਤੇ ਸਨਮਾਨਿਤ ਕੀਤਾ ਜਾਵੇਗਾ | ਉਸ ਤੋਂ ਬਾਅਦ ਇਨ੍ਹਾਂ ਮਹਿਲਾਵਾਂ ਵਿਚੋਂ 2300 ਮਹਿਲਾਵਾਂ ਚੁਣੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ 18 ਮਾਰਚ ਨੂੰ ਵਿਕਾਸ ਭਵਨ, ਚੰਡੀਗੜ੍ਹ ਦੇ ਆਡੀਟੋਰੀਅਮ ਵਿਚ ਪੰਜਾਬ ਦੇ 23 ਜ਼ਿਲਿ੍ਹਆਂ ਵਿਚੋਂ ਹਰੇਕ ਜ਼ਿਲ੍ਹੇ ਦੀਆਂ 100-100 ਮਹਿਲਾਵਾਂ ਜਿਨ੍ਹਾਂ ਨੇ ਪੰਜਾਬ ਦੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਨੂੰ ਚੁਣ ਕੇ ਹਰੇਕ ਮਹਿਲਾ ਨੂੰ ਸਰਟੀਫਿਕੇਟ, ਮੋਮੈਂਟੋ ਅਤੇ 25000 ਰੁਪਏ ਦੀ ਨਗਦ ਰਾਸ਼ੀ ਦਾ ਇਨਾਮ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਨਮਾਨਿਤ ਕੀਤਾ ਜਾਵੇਗਾ |