ਕੁਹਾੜਾ, 8 ਮਾਰਚ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਦੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਕਿਹਾ ਪੰਜਾਬ ਸਰਕਾਰ ਵਲੋਂ ਆਪਣੀ ਸਰਕਾਰ ਦਾ ਆਖ਼ਰੀ ਬਜਟ ਪੇਸ਼ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੁਲਾਜ਼ਮ ਵਰਗ ਨੂੰ ਇਸ ਬਜਟ ਤੋਂ ਬਹੁਤ ਆਸ ਸੀ, ਪਰ ਪਿਛਲੇ ਚਾਰ ਸਾਲਾਂ ਦੇ ਬਜਟ ਵਾਂਗ ਇਸ ਬਾਰ ਵੀ ਸਰਕਾਰ ਵਲੋਂ ਮੁਲਾਜ਼ਮ ਵਰਗ ਨੂੰ ਅਣਗੌਲਿਆ ਕੀਤਾ ਹੈ | ਆਗੂਆਂ ਨੇ ਕਿਹਾ ਕਿ 8 ਮਾਰਚ ਨੂੰ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਪੁਰਾਣੀ ਪੈਨਸ਼ਨ, ਡੀ. ਏ., ਏ. ਸੀ. ਪੀ. ਤੇ ਹੋਰ ਭੱਤਿਆਂ ਨੂੰ ਲੈ ਕੇ ਵਿਧਾਨ ਸਭਾ ਦਾ ਘਿਰਾਓ ਕਰ ਰਹੀਆਂ ਸਨ ਤਾਂ ਸਰਕਾਰ ਨੇ ਕੋਈ ਵੀ ਮੰਗ ਪੂਰੀ ਕਰਨ ਦੀ ਬਜਾਏ ਮੁਲਾਜ਼ਮਾਂ 'ਤੇ ਡਾਂਗਾਂ ਵਰਾਈਆਂ | ਇਸ ਸੰਘਰਸ਼ ਦੌਰਾਨ ਸੈਂਕੜੇ ਮੁਲਾਜ਼ਮਾਂ ਦੀਆਂ ਪੱਗਾਂ ਲੱਥੀਆਂ ਤੇ ਮਹਿਲਾ ਅਧਿਆਪਕਾ ਦੀ ਚੰੁਨੀਆਂ ਘੱਟੇ ਵਿਚ ਰੋਲੀਆਂ ਗਈਆਂ | ਇਸ ਮੌਕੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਜੋ ਸਰਕਾਰ ਨੇ ਮੁਲਾਜ਼ਮਾਂ ਦੇ ਡਾਂਗਾਂ ਵਰਾਈਆਂ ਤੇ ਬਜਟ ਵਿਚ ਖਾਲੀ ਠੂਠਾ ਦਿਖਾਇਆ ਹੈ | ਉਸ ਨੂੰ ਲੈ ਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵਲੋਂ 13 ਮਾਰਚ ਦੀ ਸਾਂਝੀ ਮੀਟਿੰਗ ਸੱਦੀ ਗਈ ਹੈ ਅਤੇ ਇਸ ਮੀਟਿੰਗ ਵਿਚ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ |