...ਆਖ਼ਰ ਕਦੋਂ ਹੋਵੇਗਾ ਸਾਹਨੇਵਾਲ 'ਚ ਟਰੈਫ਼ਿਕ ਸਮੱਸਿਆ ਦਾ ਹੱਲ?
ਅਜੀਤ ਡੈਸਕ
10-03-2026
ਵੱਡੇ ਵਾਹਨਾਂ ਦੀ ਐਂਟਰੀ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਬੰਦ ਕੀਤੀ ਜਾਵੇ-ਭੋਲਾ ਮਾਂਗਟ
ਸਾਹਨੇਵਾਲ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਭੋਲਾ ਮਾਂਗਟ ਨੇ ਕਿਹਾ ਕਿ ਟਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਸਾਹਨੇਵਾਲ ਅੰਦਰ ਵੱਡੇ ਵਾਹਨਾਂ ਦੀ ਐਂਟਰੀ ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਬੰਦ ਕੀਤੀ ਜਾਵੇ | ਉਨ੍ਹਾਂ ਦੁਕਾਨਦਾਰਾਂ, ਰੇਹੜੀਆਂ ਅਤੇ ਫੜੀਆਂ ਵਾਲਿਆਂ ਨੂੰ ਹਦਾਇਤ ਕਰਦੇ ਕਿਹਾ ਕਿ ਸੁਚਾਰੂ ਟਰੈਫ਼ਿਕ ਚਲਾਉਣ ਵਿਚ ਪ੍ਰਸ਼ਾਸਨ ਦਾ ਸਹਿਯੋਗ ਦੇਣ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਜੇਕਰ ਡੇਹਲੋਂ ਅਤੇ ਖੰਨਾ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਵੀ ਵੱਡੇ ਵਾਹਨਾਂ ਦੀ ਐਂਟਰੀ ਲਈ ਰੋਕ ਲੱਗ ਸਕਦੀ ਹੈ ਤਾਂ ਸਾਹਨੇਵਾਲ 'ਚ ਵੱਡੇ ਵਾਹਨਾਂ ਦੀ ਐਂਟਰੀ 'ਤੇ ਰੋਕ ਕਿਉਂ ਨਹੀਂ ਲਗਾਈ ਜਾ ਰਹੀ |
ਟਰੈਫ਼ਿਕ ਸਮੱਸਿਆ ਸੰਬੰਧੀ ਡੀ. ਸੀ. ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕਈ ਵਾਰ ਭੇਜਿਆ ਪੱਤਰ-ਆਸ਼ੀਸ਼
ਦੁਕਾਨਦਾਰ ਆਸ਼ੀਸ਼ ਨੇ ਕਿਹਾ ਕਿ ਸਾਹਨੇਵਾਲ 'ਚ ਟਰੈਫ਼ਿਕ ਸਮੱਸਿਆ ਦਾ ਹੱਲ ਕਰਵਾਉਣ ਲਈ ਉਹ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕਈ ਵਾਰ ਮੰਗ ਪੱਤਰ ਭੇਜ ਚੁੱਕਾ ਹਾਂ | ਪਰ ਅੱਜ ਤੱਕ ਇਸਵੱਲ ਧਿਆਨ ਨਹੀਂ ਦਿੱਤਾ ਗਿਆ | ਆਸ਼ੀਸ਼ ਦੱਸਿਆ ਕਿ ਫਲਾਈ ਓਵਰ ਤੇ ਟਰੈਫ਼ਿਕ ਜਾਮ ਕਾਰਨ ਕਈ ਜਾਨਾਂ ਵੀ ਜਾ ਚੁੱਕੀਆਂ ਹਨ |
ਸਾਹਨੇਵਾਲ ਦੇ ਮੁੱਖ ਚੌਕ 'ਚ ਟਰੈਫ਼ਿਕ ਲਾਈਟਾਂ ਲਗਾਈਆਂ ਜਾਣ-ਪ੍ਰਧਾਨ ਵਿਜੇ
ਸਾਹਨੇਵਾਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਪੁਰੀ ਨੇ ਕਿਹਾ ਕਿ ਸਾਹਨੇਵਾਲ-ਕੁਹਾੜਾ ਰੋਡ 'ਤੇ ਬਣੇ ਫਲਾਈਓਵਰ 'ਤੇ ਟਰੈਫ਼ਿਕ ਜਾਮ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਖੜ੍ਹਨਾ ਪੈਂਦਾ ਹੈ | ਟਰੈਫ਼ਿਕ ਸਮੱਸਿਆ ਦੇ ਹੱਲ ਲਈ ਸਾਹਨੇਵਾਲ 'ਚ ਟਰੈਫ਼ਿਕ ਲਾਈਟਾਂ ਲਗਾਈਆਂ ਜਾਣ |