ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਸਰਗਰਮ, ਪ੍ਰਸ਼ਾਸਨ ਲਾਪ੍ਰਵਾਹ- ਬੋਪਾਰਾਏ
ਅਜੀਤ ਡੈਸਕ
10-03-2026
ਇੰਜੀ. ਬੋਪਾਰਾਏ ਨੇ ਦੱਸਿਆ ਕਿ ਸਿਰਫ਼ ਖੇਤੀਬਾੜੀ ਖੇਤਰ ਹੀ ਨਹੀਂ, ਸਗੋਂ ਦਾਣਾ ਮੰਡੀ ਪਾਇਲ ਵਿੱਚ ਵੀ ਚੋਰਾਂ ਨੇ ਆਪਣੀਆਂ ਕਰਤੂਤਾਂ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਦੀਆਂ ਮੰਡੀ ਵਿਚਲੀਆਂ ਦੁਕਾਨਾਂ ਤੋਂ ਸੋਲਰ ਇਨਵਰਟਰ ਅਤੇ ਦੋ ਵੱਡੀਆਂ ਬੈਟਰੀਆਂ ਚੋਰੀ ਕਰ ਲਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਵੀ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ | ਇੰਜੀ. ਬੋਪਾਰਾਏ ਨੇ ਕਿਹਾ ਕਿ ਇਸ ਸਬੰਧੀ 31 ਮਈ 2025, 11 ਫਰਵਰੀ 2026 ਤੋਂ ਇਲਾਵਾ ਕਈ ਵਾਰ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਅਤੇ ਮੌਖਿਕ ਰੂਪ ਵਿੱਚ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਹੁਣ ਤੱਕ ਚੋਰਾਂ ਦੀ ਪਹਿਚਾਣ ਕਰਕੇ ਕੋਈ ਢੁਕਵੀਂ ਕਾਰਵਾਈ ਸਾਹਮਣੇ ਨਹੀਂ ਆਈ ਅਤੇ ਨਾ ਹੀ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਕਿਸਾਨਾਂ ਅਤੇ ਆਮ ਲੋਕਾਂ ਦਾ ਕਾਨੂੰਨ-ਵਿਵਸਥਾ 'ਤੇ ਭਰੋਸਾ ਘੱਟ ਸਕਦਾ ਹੈ | ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਵਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ, ਰਾਤ ਸਮੇਂ ਖੇਤਾਂ ਅਤੇ ਪਿੰਡਾਂ ਵਿੱਚ ਪੁਲਸ ਗਸ਼ਤ ਵਧਾਈ ਜਾਵੇ ਅਤੇ ਸਰਗਰਮ ਗਿਰੋਹ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਵਿਰੁੱਧ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸਾਨਾਂ ਅਤੇ ਵਪਾਰੀਆਂ ਨੂੰ ਰਾਹਤ ਮਿਲ ਸਕੇ ਅਤੇ ਇਲਾਕੇ ਵਿੱਚ ਸੁਰੱਖਿਆ ਦਾ ਮਾਹੌਲ ਮੁੜ ਕਾਇਮ ਹੋ ਸਕੇ | ਬੋਪਾਰਾਏ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਨੂੰ ਇਸ ਲਈ ਇਸ ਮਾਮਲੇ ਲਈ ਇੰਨੀ ਲਾਪ੍ਰਵਾਹੀ ਨਹੀਂ ਦਿਖਾਉਣੀ ਚਾਹੀਦੀ | ਸਗੋਂ ਰਾਤ ਦੀ ਗਸ਼ਤ ਵਧਾਉਣੀ ਚਾਹੀਦੀ ਹੈ ਅਤੇ ਚੋਰਾਂ ਨੂੰ ਫੜਨ ਲਈ ਤਕਨੀਕੀ ਤਰੀਕੇ ਵੀ ਵਰਤਣੇ ਚਾਹੀਦੇ ਹਨ | ਇਸ ਮੌਕੇ ਇੰਜੀ. ਬੋਪਾਰਾਏ ਨਾਲ ਧਰਮਿੰਦਰ ਸਿੰਘ ਨਿਜ਼ਾਮਪੁਰ, ਹਰਚੰਦ ਸਿੰਘ ਅਤੇ ਮਨਪ੍ਰੀਤ ਸਿੰਘ ਵੀ ਹਾਜ਼ਰ ਸਨ |