ਮਾਛੀਵਾੜਾ ਸਾਹਿਬ, 10 ਮਾਰਚ (ਮਨੋਜ ਕੁਮਾਰ)-ਪੰਜਾਬ ਸਰਕਾਰ ਦੁਆਰਾ ਪੇਸ਼ ਇਹ ਬਜਟ ਸਹੀ ਅਰਥਾਂ ਵਿੱਚ ਅਜਿਹਾ ਝੂਠ ਦਾ ਪੁੰਲਦਾ ਹੈ, ਜਿਸਨੇ ਇਸ ਵਾਰ ਵੀ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ | ਇਹਨਾਂ ਗੱਲਾਂ ਦਾ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਮਾਛੀਵਾੜਾ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਹਰਜਿੰਦਰ ਸਿੰਘ ਖੇੜਾ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਦੇ ਪਿਛਲੇ ਬਜਟ ਵਾਂਗ ਹੀ ਇਹ ਬਜਟ ਵੀ ਲਾਰਿਆਂ ਤੇ ਵਾਅਦਿਆਂ ਦਾ ਨਵਾਂ ਰੂਪ ਹੈ | ਸਰਕਾਰ ਨੇ ਪਹਿਲਾ 16 ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕਹੀ ਸੀ ਤੇ ਸੂਬੇ ਦੀ ਕਿਸਾਨੀ ਲਈ ਵੱਡੀ ਨੀਤੀ ਦਾ ਨਿਰਮਾਣ ਕਰਨ ਦਾ ਦਾਅਵਾ ਵੀ ਕੀਤਾ ਗਿਆ | ਪਰ ਸਭ ਕੱੁਝ ਹਵਾ ਵਿੱਚ ਗੋਲ ਹੋ ਗਿਆ ਤੇ ਇੱਕ ਵੀ ਮੈਡੀਕਲ ਕਾਲਜ ਨਹੀਂ ਖੋਲਿਆ ਗਿਆ ਤੇ ਇਸਦੇ ਨਾਲ ਹੀ ਮਾਲਵਾ ਨਹਿਰ ਦੀ ਗੱਲ ਕੀਤੀ ਗਈ ਤੇ ਸੂਬੇ ਦੇ ਕਿੰਨੇ ਲੋਕ ਨਸ਼ੇ ਦੇ ਆਦੀ ਹਨ, ਦਾ ਸਰਵੇਖਣ ਕਰਾਉਣ ਲਈ ਕਰੋੜਾਂ ਰੁਪਏ ਰੱਖੇ ਗਏ | ਪਰ ਜ਼ਮੀਨੀ ਹਕੀਕਤ ਵਿੱਚ ਕਿਸੇ 'ਤੇ ਵੀ ਅਮਲ ਨਹੀ ਹੋਇਆ ਤੇ ਹੁਣ ਇਸ ਤੋਂ ਇਲਾਵਾ ਸ਼ਾਇਦ ਇਹ ਪਹਿਲੀ ਸਰਕਾਰ ਹੈ, ਜਿਸਨੇ ਮਹਿਲਾਵਾਂ ਨੂੰ ਪੈਸੇ ਦੇਣ ਦੇ ਨਾਮ 'ਤੇ ਇਸ ਅਜੋਕੇ ਯੁੱਗ ਵਿੱਚ ਸ਼ਰੇਆਮ ਜਾਤੀ ਭੇਦਭਾਵ ਦੀ ਮਿਸਾਲ ਪੈਦਾ ਕੀਤੀ | ਸੂਬੇ ਦੀਆਂ ਮਹਿਲਾਵਾਂ ਨੂੰ ਸਰਕਾਰ ਦੇ ਪੈਸਿਆਂ ਨਾਲੋ ਸੁਰੱਖਿਅਤ ਮਾਹੌਲ ਦੀ ਜ਼ਿਆਦਾ ਲੋੜ ਹੈ, ਪਰ ਅਫ਼ਸੋਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਸੂਬੇ ਵਿੱਚ ਗੈਂਗਸਟਰ, ਅਰਾਜਕਤਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਂ 'ਤੇ ਫੋਕੇ ਦਾਅਵਿਆਂ ਵਿੱਚ ਉਲਝਾਂ ਕੇ ਰੱਖ ਦਿੱਤਾ ਹੈ |