ਟਾਂਡਾ ਉੜਮੁੜ, 10 ਮਾਰਚ (ਦੀਪਕ ਬਹਿਲ, ਕੁਲਬੀਰ ਸਿੰਘ ਗੁਰਾਇਆ)-ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਵਲੋਂ ਗੁਰਦੁਆਰਾ ਸਾਹਿਬ ਪੁਲ ਪੁਖ਼ਤਾ ਵਿਖੇ ਮੱਥਾ ਟੇਕਣ ਜਾ ਰਹੇ ਮੋਟਰਸਾਈਕਲ ਸਵਾਰ ਇਕ ਰੇਲਵੇ ਵਿਭਾਗ ਦੇ ਮੁਲਾਜ਼ਮ ਦੇ ਪਰਿਵਾਰ ਨਾਲ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਸ ਦੀ ਪਤਨੀ ਤੇ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਮੌਕੇ 'ਤੇ ਰੇਲਵੇ ਮੁਲਾਜ਼ਮ ਵਲੋਂ ਰਾਹਗੀਰਾਂ ਦੀ ਮਦਦ ਨਾਲ ਲੁਟੇਰਿਆਂ ਦਾ ਪਿੱਛਾ ਕਰਕੇ ਇਕ ਲੁਟੇਰਾ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਤੇ ਦੋ ਲੁਟੇਰੇ ਭੱਜਣ ਵਿਚ ਸਫਲ ਹੋ ਗਏ | ਲੋਕਾਂ ਵਲੋਂ ਕਾਬੂ ਕੀਤੇ ਲੁਟੇਰੇ ਨੂੰ ਟਾਂਡਾ ਪੁਲਿਸ ਹਵਾਲੇ ਕਰ ਦਿੱਤਾ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿ੍ੰਸਪਾਲ ਸਿੰਘ ਨੇ ਦੱਸਿਆ ਕਿ ਉਹ ਉਤਰ ਪ੍ਰਦੇਸ਼ ਵਿਚ ਰੇਲਵੇ ਵਿਭਾਗ ਵਿਚ ਨੌਕਰੀ ਕਰਦਾ ਹੈ ਤੇ ਉਹ ਪਿਛਲੇ ਦਿਨਾਂ ਤੋਂ ਆਪਣੇ ਸਹੁਰੇ ਟਾਂਡਾ ਉੜਮੁੜ ਵਿਖੇ ਪਰਿਵਾਰ ਸਮੇਤ ਮਿਲਣ ਆਇਆ ਹੈ | ਮੰਗਲਵਾਰ ਦੁਪਹਿਰ ਉਹ ਆਪਣੀ ਪਤਨੀ ਤੇ ਚਾਰ ਸਾਲਾਂ ਬੱਚੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਕਿ ਜਦੋਂ ਉਹ ਟਾਂਡਾ ਸ੍ਰੀ ਹਰਗੋਬਿੰਦਪੁਰ ਸਾਹਿਬ ਮੁੱਖ ਸੜਕ 'ਤੇ ਪੈਂਦੇ ਪਿੰਡ ਗਿੱਲਾਂ ਦੇ ਮੋੜ ਨੇੜੇ ਪਹੁੰਚਿਆ ਤਾਂ ਪਿੱਛਿਓਾ ਆਏ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਦੀ ਮੋਟਰਸਾਈਕਲ 'ਤੇ ਬੈਠੀ ਪਤਨੀ ਦੀ ਗਲ ਵਿਚ ਪਾਈ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ | ਇਸ ਖਿੱਚਧੂਹ ਵਿਚ ਉਸ ਦੀ ਪਤਨੀ ਬੱਚੇ ਸਮੇਤ ਮੋਟਰਸਾਈਕਲ ਤੋਂ ਹੇਠਾਂ ਡਿਗ ਪਈ ਤੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਇਸ ਮੌਕੇ ਰੌਲਾ ਪਾਉਣ ਤੇ ਉਸ ਨਾਲ ਰਾਹਗੀਰਾਂ ਇਕੱਠੇ ਹੋ ਕੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਇਕ ਲੁਟੇਰੇ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਜਦਕਿ ਦੋ ਲੁਟੇਰੇ ਭੱਜਣ ਵਿਚ ਸਫਲ ਹੋ ਗਏ | ਮੌਕੇ 'ਤੇ ਪਹੁੰਚੀ ਟਾਂਡਾ ਪੁਲਿਸ ਨੇ ਲੋਕਾਂ ਵਲੋਂ ਕਾਬੂ ਕੀਤੇ ਲੁਟੇਰੇ ਨੂੰ ਗਿ੍ਫ਼ਤਾਰ ਕਰਕੇ ਥਾਣਾ ਟਾਂਡਾ ਲੈ ਗਏ ਤੇ ਅਗਲੀ ਕਾਨੰੂਨੀ ਕਾਰਵਾਈ ਸ਼ੁਰੂ ਕਰ ਦਿੱਤੀ |