ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ ਤੋਂ ਬਾਅਦ ਇੱਥੇ ਅਜੀਤ ਨਾਲ ਗੱਲ ਕਰਦਿਆਂ ਅਕਾਲੀ ਦਲ ਦੇ ਸੀ. ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਦਾ ਉਤਸ਼ਾਹ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ ਰੈਲੀਆਂ ਨੂੰ ਮਿਲ ਰਿਹਾ ਹੈ | ਉਸ ਤੋਂ ਸਾਫ਼ ਦਿਖਦਾ ਹੈ ਕਿ 2027 ਵਿਚ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ | ਉਨ੍ਹਾਂ ਕਿਹਾ ਕਿ ਚੋਕੋਨੇ ਮੁਕਾਬਲਿਆਂ ਵਿਚ ਅਕਾਲੀ ਦਲ ਇਕੱਲਾ ਹੀ ਸਰਕਾਰ ਬਣਾਉਣ ਦੇ ਸਮਰਥ ਹੋਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਖੰਨਾ ਜ਼ਿਲ੍ਹਾ ਵਿਚ ਸ਼ਾਮਿਲ ਖੰਨਾ, ਸਮਰਾਲਾ ਅਤੇ ਪਾਇਲ ਤਿੰਨੇ ਸੀਟਾਂ ਵੱਡੇ ਫ਼ਰਕ ਨਾਲ ਜਿੱਤੇਗਾ | ਗੌਰਤਲਬ ਹੈ ਕਿ ਇਸ ਰੈਲੀ ਵਿਚ ਇੰਜੀ. ਬੋਪਾਰਾਏ ਪਾਇਲ ਦੇ ਅਕਾਲੀਆਂ ਨਾਲ ਸ਼ਾਮਿਲ ਹੋਏ ਸਨ | ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀ. ਨੇਤਾਵਾਂ ਮਹੇਸ਼ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ ਅਤੇ ਹੋਰਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਇਲਾਕੇ ਦੀ ਰਾਜਨੀਤੀ ਬਾਰੇ ਦੱਸਿਆ | ਬੋਪਾਰਾਏ ਨੇ ਦਾਅਵਾ ਕੀਤਾ ਕਿ ਅਕਾਲੀ ਵਰਕਰ ਆਮ ਆਦਮੀ ਪਾਰਟੀ ਨੂੰ ਚੋਣਾਂ ਵਿਚ ਧਕਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ, ਸਗੋਂ ਤਨ,ਮਨ, ਧਨ ਨਾਲ ਅਕਾਲੀ ਦਲ ਦੀ ਜਿੱਤ ਲਈ ਕੰਮ ਕਰਨਗੇ | ਬੋਪਾਰਾਏ ਨੇ ਕਿਹਾ ਕਿ ਜਲਦੀ ਹੀ ਪਾਇਲ ਦੇ ਅਕਾਲੀ ਵਰਕਰਾਂ ਅਤੇ ਨੇਤਾਵਾਂ ਦਾ ਇਕ ਵਫ਼ਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਲਾਕੇ ਦੀ ਰਾਜਨੀਤਕ ਸਥਿਤੀ ਬਾਰੇ ਮਿਲਣ ਜਾਵੇਗਾ |