ਰਾੜਾ ਸਾਹਿਬ, 12 ਮਾਰਚ (ਸੁਖਵੀਰ ਸਿੰਘ ਚਣਕੋਈਆਂ)- ਸਰਕਾਰੀ ਕਾਲਜ ਕਰਮਸਰ ਵਿਖੇ ਪਿ੍ੰਸੀਪਲ ਡਾ. ਮੁਹੰਮਦ ਇਰਫਾਨ ਦੀ ਸਰਪ੍ਰਸਤੀ ਅਤੇ ਆਈ. ਕਿਉ. ਏ. ਸੀ ਦੇ ਬੈਨਰ ਹੇਠ ਨੈਸ਼ਨਲ ਸਰਵਿਸ ਸਕੀਮ ਵਿਭਾਗ ਵੱਲੋਂ ਲਗਾਏ ਜਾ ਰਹੇ ਸੱਤ ਰੋਜ਼ਾ ਐਨ. ਐਸ. ਐਸ ਸਪੈਸ਼ਲ ਕੈਂਪ ਦਾ ਆਖ਼ਰੀ ਦਿਨ ਬੜੀ ਹੀ ਸ਼ਾਨ ਨਾਲ ਆਪਣੇ ਸਮਾਪਨ ਵੱਲ ਵਧਿਆ | ਮੁੱਖ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਦਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਲੁਧਿਆਣਾ ਨੇ ਸ਼ਿਰਕਤ ਕੀਤੀ | ਉਨ੍ਹਾਂ ਐਨ. ਐਸ. ਐਸ ਵਲੰਟੀਅਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਬਾਰੇ ਤਾਕੀਦ ਦਿੱਤੀ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਇੱਕ ਵਾਰ ਫਿਰ ਤੋਂ ਸੋਨੇ ਦੀ ਚਿੜੀ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਤਾਂ ਜੋ ਆਪਣਾ ਆਉਣ ਵਾਲਾ ਭਵਿੱਖ ਸੁਨਹਿਰਾ ਅਤੇ ਚਮਕਦਾਰ ਬਣ ਸਕੇ | ਪਿ੍ੰਸੀਪਲ ਡਾ. ਇਰਫਾਨ ਵੱਲੋਂ ਐਨ. ਐਸ. ਐਸ ਯੂਨਿਟ ਦੀਆਂ ਉਪਲਬਧੀਆਂ 'ਤੇ ਚਾਨਣਾ ਪਾਇਆ ਗਿਆ | ਸੱਤ ਰੋਜ਼ਾ ਸਪੈਸ਼ਲ ਕੈਂਪ ਸੰਬੰਧੀ ਪ੍ਰੋਗਰਾਮ ਅਫ਼ਸਰ ਪ੍ਰੋ. ਜੋਗਿੰਦਰ ਸਿੰਘ ਨੇ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ | ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਜਿੱਥੇ ਪ੍ਰੋ. ਰਾਜਵਿੰਦਰ ਕੌਰ ਨੇ ਕੀਤਾ, ਉੱਥੇ ਹੀ ਪ੍ਰੋ. ਰੁਪਿੰਦਰ ਕੌਰ ਨੇ ਧੰਨਵਾਦ ਕੀਤਾ | ਸਮਾਪਨ ਸਮਾਰੋਹ ਮੌਕੇ ਐਨ. ਐਸ. ਐਸ. ਵਲੰਟੀਅਰਜ਼ ਨੇ ਕਲਚਰਲ ਪ੍ਰੋਗਰਾਮ ਪੇਸ਼ ਕੀਤੇ | ਵਲੰਟੀਅਰ ਮਨਪ੍ਰੀਤ ਕੌਰ ਨੇ ਆਪਣੀ ਕਵਿਤਾ ਰਾਹੀਂ ਸਪੈਸ਼ਲ ਕੈਂਪ ਵਿਚੋਂ ਸਿੱਖੀ ਜੀਵਨ ਜਾਂਚ ਦਾ ਬਾਖ਼ੂਬੀ ਵਰਣਨ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਜਸਪ੍ਰੀਤ ਕੌਰ ਅਤੇ ਦਲੀਪ ਸਿੰਘ ਨੇ ਨਿਭਾਈ | ਇਸ ਸਮਾਰੋਹ ਦੌਰਾਨ ਵਾਈਸ ਪਿ੍ੰਸੀਪਲ ਪ੍ਰੋ. ਗੁਰਦਿੱਤ ਸਿੰਘ, ਪ੍ਰੋ. ਇੰਦਰਪਾਲ ਸਿੰਘ, ਪ੍ਰੋ. ਸੁਖਜੀਤ ਸਿੰਘ ਆਦਿ ਕਾਲਜ ਸਟਾਫ਼ ਸ਼ਾਮਿਲ ਸੀ |