ਮਾਛੀਵਾੜਾ ਸਾਹਿਬ, 12 ਮਾਰਚ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਲਗਾਤਾਰ ਤੇਜ਼ ਹੋ ਰਹੀ ਜੰਗ ਦੇ ਹਾਲਾਤ ਵਿਚ ਈਰਾਨ 'ਤੇ ਅਮਰੀਕਾ-ਇਜ਼ਰਾਈਲ ਦੇ ਹਮਲਿਆਂ ਦੀ ਜੰਗ ਅੱਜ ਦੂਸਰੇ ਹਫ਼ਤੇ ਵਿਚ ਦਾਖਲ ਹੋ ਗਈ ਹੈ | ਇਸ ਸਭ ਦੇ ਵਿਚਕਾਰ ਭਾਵੇਂ ਕੇਂਦਰ ਤੋਂ ਇਲਾਵਾ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਹਵਾਲੇ ਨਾਲ ਆਮ ਲੋਕਾਂ ਨੂੰ ਐੱਲ. ਪੀ. ਜੀ. ਗੈਸ ਦੀ ਕਿੱਲਤ ਲਈ ਘਬਰਾਉਣ ਦੀ ਲੋੜ ਨਹੀਂ ਬਾਰੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਹਨ | ਪਰ ਜ਼ਮੀਨੀ ਪੱਧਰ 'ਤੇ ਸਚਾਈ ਇਹ ਹੈ ਕਿ ਪਿਛਲੇ 72 ਘੰਟਿਆਂ ਤੋਂ ਗੈਸ ਸਪਲਾਈ ਡਿਸਟ੍ਰੀਬਿਊਟਰਾਂ ਦੇ ਆਨਲਾਈਨ ਸਿਸਟਮ ਪਿਛੋਂ ਬੰਦ ਪਏ ਹਨ | ਪਰ ਗੈਸ ਸਿਲੰਡਰ ਦੀਆਂ ਦੋ ਗੱਡੀਆਂ ਜਿਨ੍ਹਾਂ ਵਿਚ ਹਜ਼ਾਰਾਂ ਸਿਲੰਡਰ ਮੌਜੂਦ ਹਨ, ਉਹ ਫਿਲਹਾਲ ਗੈਸ ਏਜੰਸੀ ਦੇ ਗੁਦਾਮ ਵਿਚ ਪਏ ਹਨ | ਪਰ ਪਿੱਛੋਂ ਆਨਲਾਈਨ ਸਿਸਟਮ ਬੰਦ ਹੋਣ ਕਰ ਕੇ ਏਜੰਸੀ ਮਾਲਕਾਂ ਨੂੰ ਸਬੰਧਿਤ ਕੋਡ ਏਜੰਸੀ ਦੀ ਵੈੱਬਸਾਈਟ 'ਤੇ ਭਰਨ ਵਿਚ ਮੁਸ਼ਕਿਲ ਆ ਰਹੀ ਹੈ | ਇਸ ਦੇ ਨਾਲ ਹੀ ਐੱਲ. ਪੀ. ਜੀ. ਉਪਭੋਗਤਾ 25 ਦਿਨਾਂ ਤੋਂ ਪਹਿਲਾਂ ਗੈਸ ਦੀ ਬੁਕਿੰਗ ਨਹੀਂ ਕਰ ਸਕਦਾ | ਪਰ ਜਿਨ੍ਹਾਂ ਦੀ ਬੁਕਿੰਗ ਹੋਈ ਹੈ, ਉਨ੍ਹਾਂ ਨੂੰ ਸਪਲਾਈ ਦੇਣ ਲਈ ਕੋਡ ਨੰਬਰ ਸਿਸਟਮ ਵਿਚ ਪਾਉਣ 'ਤੇ ਮੁਸ਼ਕਿਲ ਆ ਰਹੀ ਹੈ ਤੇ ਲੰਮੀਆਂ ਕਤਾਰਾਂ ਗੈਸ ਏਜੰਸੀ ਵਿਚ ਨਜ਼ਰ ਆ ਰਹੀਆਂ ਹਨ | ਇਹ ਨਜ਼ਾਰਾ ਸਮਰਾਲਾ ਰੋਡ 'ਤੇ ਪੈਂਦੀ ਸਤਵੰਤ ਗੈਸ ਏਜੰਸੀ ਦੇ ਬਾਹਰ ਵੀ ਦੇਖਣ ਨੂੰ ਮਿਲਿਆ | ਜਿੱਥੇ ਸਿਸਟਮ ਬੰਦ ਨੇ ਡਿਸਟ੍ਰੀਬਿਊਟਰ ਦੇ ਨਾਲ-ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਵਿਚ ਪਾਇਆ ਹੋਇਆ ਹੈ |
ਗੈਸ ਏਜੰਸੀ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ-ਬੁਕਿੰਗ ਪ੍ਰਣਾਲੀ ਹੋਈ ਠੱਪ
ਅਜੀਤ ਡੈਸਕ
13-03-2026