ਸਾਹਨੇਵਾਲ, 27 ਮਾਰਚ (ਹਨੀ ਚਾਠਲੀ)-ਸਾਹਨੇਵਾਲ ਕਸਬੇ ਦੀਆਂ ਮੁੱਖ ਸੜਕਾਂ ਡੇਹਲੋਂ ਰੋਡ ਤੇ ਕੁਹਾੜਾ ਰੋਡ 'ਤੇ ਆਏ ਦਿਨ ਵਾਪਰਦੇ ਹਾਦਸਿਆਂ ਨੂੰ ਰੋਕਣ ਲਈ ਇਲਾਕੇ ਦੇ ਲੋਕਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਦੇਖਦਿਆਂ ਹੋਇਆ ਜ਼ਿਲਾ ਪ੍ਰਸ਼ਾਸਨ ਵਲੋਂ 27 ਤੋਂ 31 ਮਾਰਚ ਤੱਕ ਕੁੱਝ ਦਿਨਾਂ ਲਈ ਵੱਡੇ ਵਾਹਨਾਂ 'ਤੇ ਦਿਨ ਵੇਲੇ ਆਉਣ ਜਾਣ ਲਈ ਸਖ਼ਤ ਪਾਬੰਦੀ ਲਗਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ | ਇਸ ਸੰਬੰਧੀ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਭੋਲਾ ਮਾਂਗਟ, ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ, ਕੌਂਸਲਰ ਕੁਲਵਿੰਦਰ ਸਿੰਘ ਕਾਲਾ ਬਿਮਰੋ ਅਤੇ ਲਾਲੀ ਹਰਾ ਨੇ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਅਸੀਂ ਪਿਛਲੇ ਲੰਬੇ ਸਮੇਂ ਤੋਂ ਜ਼ਿਲਾ ਪ੍ਰਸ਼ਾਸਨ ਕੋਲ ਬੇਨਤੀਆਂ ਕਰਦੇ ਆ ਰਹੇ ਸੀ | ਪਰ ਜਦੋਂ ਇਸ ਸਮੱਸਿਆ ਦਾ ਹੱਲ ਕੋਈ ਨਾ ਹੋਇਆ ਤਾਂ ਅਸੀਂ ਇਹ ਮਾਮਲਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨਾਂ ਫ਼ੌਰਨ ਹੀ ਪੁਲਿਸ ਕਮਿਸ਼ਨਰ ਲੁਧਿਆਣਾ, ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਨਾਲ ਰਾਬਤਾ ਕਾਇਮ ਕਰ ਕੇ ਵੱਡੇ ਵਾਹਨਾਂ ਦੀ ਦਿਨ ਵੇਲੇ ਰੋਕ ਲਗਾਉਣ ਲਈ ਕਹਿ ਦਿੱਤਾ ਗਿਆ ਤਾਂ ਪ੍ਰਸ਼ਾਸਨ ਵਲੋਂ ਇਸ ਟਰੈਫਿਕ ਸੰਬੰਧੀ ਸਖ਼ਤੀ ਨਾਲ ਕਦਮ ਚੁੱਕਦੇ ਹੋਏ ਇਹ ਨਿਰਦੇਸ਼ ਜਾਰੀ ਕਰ ਦਿੱਤੇ ਕਿ ਸਾਹਨੇਵਾਲ 'ਚ 27 ਤੋਂ 31 ਮਾਰਚ ਤੱਕ ਕੁੱਝ ਦਿਨਾਂ ਲਈ ਭਾਰੀ ਵਾਹਨਾਂ 'ਤੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਬੰਦ ਰਹੇਗੀ ਤੇ ਰਾਤ 8 ਵਜੇ ਤੋਂ ਸਵੇਰੇ 7 ਵਜੇ ਤੱਕ ਵੱਡੇ ਵਾਹਨਾਂ ਦੀ ਇਸ ਰੋਡ ਉੱਪਰ ਐਂਟਰੀ ਹੋ ਸਕਦੀ ਹੈ | ਉਨਾਂ ਦੱਸਿਆ ਕਿ ਪੁਲਿਸ ਦੀਆਂ ਗੱਡੀਆਂ, ਫਾਇਰ ਬਿ੍ਗੇਡ, ਐਂਬੂਲੈਂਸ, ਦੁੱਧ ਵਾਲੀਆਂ ਗੱਡੀਆਂ, ਐੱਲ. ਪੀ. ਜੀ. ਵਾਲੀਆਂ ਗੱਡੀਆਂ, ਸਬਜ਼ੀਆਂ ਅਤੇ ਅਨਾਜ ਵਾਲੀਆਂ ਗੱਡੀਆਂ ਨੂੰ ਇਸ ਰੋਡ 'ਤੇ ਲੰਘਣ ਲਈ ਛੋਟ ਦਿੱਤੀ ਗਈ ਹੈ | ਉਨਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਵਲੋਂ ਇਹ ਕੁੱਝ ਦਿਨਾਂ ਲਈ ਭਾਰੀ ਵਾਹਨਾਂ ਤੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਐਂਟਰੀ ਬੰਦ ਕਰ ਕੇ ਦੇਖੀ ਜਾਵੇਗੀ ਤੇ ਆਉਣ ਵਾਲੇ ਦਿਨਾਂ ਤੱਕ ਇਸ ਦਾ ਕੋਈ ਪੱਕਾ ਹੱਲ ਕੀਤਾ ਜਾਵੇਗਾ | ਇਸ ਮੌਕੇ ਭੋਲਾ, ਵਿਜੇ, ਕਾਲਾ ਤੇ ਲਾਲੀ ਨੇ ਮੰਤਰੀ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀ ਚੱਲੀ ਆ ਰਹੀ ਮੰਗ ਨੂੰ ਹੱਲ ਕਰ ਕੇ ਲੋਕਾਂ ਨੂੰ ਨਿੱਤ ਦੀ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਹੈ |