ਡੇਹਲੋਂ, 8 ਅਪ੍ਰੈਲ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਬਾਈਪਾਸ 'ਤੇ ਅੱਜ ਇਕ ਤੇਜ਼ ਰਫ਼ਤਾਰ ਟਿੱਪਰ (ਟਰਾਲੇ) ਵਲੋਂ ਸੜਕ ਕਿਨਾਰੇ ਖੜੇ ਦੋ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਭਿਆਨਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਦਰਦਨਾਕ ਮੌਤ ਹੋ ਗਈ | ਇਹ ਹਾਦਸਾ ਐਨਾ ਖ਼ਤਰਨਾਕ ਤੇ ਭਿਆਨਕ ਸੀ, ਕਿ ਉਕਤ ਨੌਜਵਾਨ ਟਰਾਲੇ ਦੇ ਟਾਇਰਾਂ ਵਿਚ ਫਸ ਗਿਆ, ਜਿਸ ਨੂੰ ਦੂਰ ਤੱਕ ਘਸੀਟਦਾ ਲੈ ਗਿਆ ਤੇ ਉਸ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗੋਪਾਲਪੁਰ ਵਾਲੇ ਪਾਸੇ ਡੇਹਲੋਂ ਬਾਈਪਾਸ 'ਤੇ ਸਵੇਰੇ ਕਰੀਬ 9 ਵਜੇ ਤੋਂ ਬਾਅਦ ਗੰਨਾ ਇੰਸਪੈਕਟਰ ਪਵਨਦੀਪ ਸਿੰਘ ਆਪਣੀ ਕਾਰ ਵਿਚ ਸਵਾਰ ਹੋ ਕੇ ਲੰਘ ਰਿਹਾ ਸੀ ਕਿ ਕਿਸਾਨ ਸੁਖਵੀਰ ਸਿੰਘ ਵਾਸੀ ਪਿੰਡ ਲਹਿਰਾ ਅਚਨਚੇਤ ਮਿਲ ਗਏ ਅਤੇ ਉਹ ਸੜਕ ਤੋਂ ਹੇਠਾਂ ਖੜ ਕੇ ਫ਼ਸਲ ਸੰਬੰਧੀ ਗੱਲਾਂ ਕਰ ਰਹੇ ਸਨ ਕਿ ਲੁਧਿਆਣਾ ਵਾਲੇ ਪਾਸੇ ਤੋਂ ਇਕ ਟਿੱਪਰ ਨੰਬਰ ਪੀ.ਬੀ.-10.ਐਚ.ਈ.-8787 ਤੇਜ਼ ਰਫ਼ਤਾਰ ਨਾਲ ਆਇਆਂ ਤੇ ਦੋਵਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਸੁਖਵੀਰ ਸਿੰਘ (36 ਸਾਲ) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਲਹਿਰਾ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਗੰਨਾ ਇੰਸਪੈਕਟਰ ਪਵਨਦੀਪ ਸਿੰਘ ਜ਼ਖਮੀ ਹੋ ਗਿਆ, ਜੋ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਦੱਸਿਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਇਹ ਹਾਦਸਾ ਐਨਾ ਦਰਦਨਾਕ ਤੇ ਭਿਆਨਕ ਸੀ ਕਿ ਟਿੱਪਰ ਦੇ ਟਾਇਰਾਂ ਵਿਚ ਸੁਖਵੀਰ ਸਿੰਘ ਬੁਰੀ ਤਰਾਂ ਫਸ ਗਿਆ, ਜਿਸ ਨੂੰ ਦੂਰ ਤੱਕ ਟਿੱਪਰ ਘਸੀਟਦਾ ਹੋਇਆ ਲੈ ਗਿਆ ਅਤੇ ਨੌਜਵਾਨ ਸੁਖਵੀਰ ਸਿੰਘ ਦੀ ਮੌਤ ਹੋ ਗਈ | ਸੂਚਨਾ ਮਿਲਦਿਆਂ ਹੀ ਡੇਹਲੋਂ ਪੁਲਿਸ ਮੌਕੇ 'ਤੇ ਪੁੱਜੀ ਅਤੇ ਟਿੱਪਰ ਡਰਾਈਵਰ ਯਾਦਵਿੰਦਰ ਸਿੰਘ ਖ਼ਿਲਾਫ਼ ਸੰਗੀਨ ਧਰਾਵਾਂ ਹੇਠ ਪਰਚਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ |