ਖੰਨਾ, 8 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿੱਚ ਲਗਾਤਾਰ ਰੁਕ-ਰੁਕ ਮੀਹ ਪੈ ਰਿਹਾ ਹੈ | ਜਿਸ ਕਾਰਨ ਮੰਡੀ ਵਿੱਚ ਕਣਕ ਦੀ ਫ਼ਸਲ ਨੂੰ ਤਰਪਾਲਾਂ ਹੇਠ ਢੱਕਣਾ ਪਿਆ | ਕਿਸਾਨ ਚੰਦ ਸਿੰਘ ਬਘੌਰ, ਮਨਦੀਪ ਸਿੰਘ ਭੜੀ ਨੇ ਕਿਹਾ ਕਿ ਬੇਮੌਸਮੀ ਬਰਸਾਤ ਤੇ ਹੜਤਾਲ ਕਾਰਨ ਕਿਸਾਨ ਖੱਜਲ ਖੁਆਰ ਹੋ ਰਿਹਾ ਹੈ | ਬੇਮੌਸਮੀ ਬਰਸਾਤ ਅਤੇ ਆੜਤੀ ਐਸੋਸੀਏਸ਼ਨ ਦੀ ਚੱਲ ਰਹੀ ਹੜਤਾਲ ਦੇ ਕਾਰਨ ਕਿਸਾਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਹਰ ਰੋਜ਼ ਕਣਕ ਦੀ ਆਮਦ ਮੰਡੀ ਵਿੱਚ ਹੋ ਰਹੀ ਹੈ, ਪਰ ਬੋਲੀ ਨਾ ਹੋਣ ਕਰਕੇ ਕਿਸਾਨਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈ ਰਿਹਾ ਹੈ | ਅਤੇ ਮੀਂਹ ਦੇ ਮੌਸਮ ਹੋਣ ਕਰਕੇ ਕਣਕ ਦੀ ਨਵੀਂ ਵਿੱਚ ਵੀ ਵਾਧਾ ਹੋ ਰਿਹਾ ਹੈ | ਕਿਸਾਨਾਂ ਨੇ ਦੱਸਿਆ ਕਿ ਜੇਕਰ ਫਸਲ ਖੇਤਾਂ ਵਿੱਚ ਖੜੀ ਛੱਡੀ ਜਾਵੇ ਤਾਂ ਮੌਸਮ ਖ਼ਰਾਬ ਹੋਣ ਕਾਰਨ ਕਣਕ ਦੇ ਨੁਕਸਾਨ ਦਾ ਖ਼ਤਰਾ ਬਣਿਆ ਹੋਇਆ ਹੈ | ਦੂਜੇ ਪਾਸੇ ਜੇ ਕਣਕ ਕੱਟ ਕੇ ਮੰਡੀ ਵਿੱਚ ਲਿਆਉਂਦੇ ਹਨ ਤਾਂ ਉੱਥੇ ਖ਼ਰੀਦ ਪ੍ਰਕਿਰਿਆ ਠੱਪ ਪਈ ਹੈ, ਜਿਸ ਕਾਰਨ ਉਨਾਂ ਦੀ ਮਿਹਨਤ ਬੇਕਾਰ ਜਾ ਰਹੀ ਹੈ | ਉਨਾਂ ਕਿਹਾ ਕਿ ਇੱਕ ਪਾਸੇ ਰੱਬ ਦੀ ਮਾਰ (ਬਰਸਾਤ) ਅਤੇ ਦੂਜੇ ਪਾਸੇ ਆੜਤੀਆਂ ਦੀ ਹੜਤਾਲ ਕਰਕੇ ਉਨਾਂ ਨੂੰ ਦੁੱਗਣਾ ਨੁਕਸਾਨ ਝੱਲਣਾ ਪੈ ਰਿਹਾ ਹੈ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਆੜਤੀਆਂ ਦੀਆਂ ਮੰਗਾਂ ਨੂੰ ਜਲਦੀ ਹੱਲ ਕਰਕੇ ਮੰਡੀ ਵਿੱਚ ਖ਼ਰੀਦ ਪ੍ਰਕਿਰਿਆ ਮੁੜ ਸ਼ੁਰੂ ਕਰਵਾਈ ਜਾਵੇ, ਤਾਂ ਜੋ ਖੇਤਾਂ ਅਤੇ ਮੰਡੀਆਂ ਵਿੱਚ ਪਈ ਫ਼ਸਲ ਬਰਬਾਦ ਹੋਣ ਤੋਂ ਬਚ ਸਕੇ |