ਸਾਹਨੇਵਾਲ,10 ਅਪ੍ਰੈਲ (ਹਨੀ ਚਾਠਲੀ)-ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੇ ਖ਼ਰਾਬ ਮੌਸਮ ਤੇ ਕਿਸਾਨਾਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਸਾਹਨੇਵਾਲ ਵਿਖੇ ਆੜ੍ਹਤੀਆਂ ਦੀ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆੜ੍ਹਤੀਆ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਕਰਨ ਅਨੇਜਾ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਪ੍ਰਧਾਨ ਅਨੇਜਾ ਨੇ ਕਿਹਾ ਕਿ 6 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ 8 ਅਪ੍ਰੈਲ ਨੂੰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਹੋਈ ਮੀਟਿੰਗ ਦੌਰਾਨ ਫੈਡਰੇਸ਼ਨ ਆਫ਼ ਆੜ੍ਹਤੀਆ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਆੜ੍ਹਤੀਆਂ ਨੇ ਕਿਸਾਨਾਂ ਦੇ ਹਿਤਾਂ ਨੂੰ ਮੁੱਖ ਰੱਖ ਕੇ ਹੜਤਾਲ ਮੁਲਤਵੀ ਕਰਨ ਲਈ ਹਾਮੀ ਭਰੀ ਹੈ | ਉਨ੍ਹਾਂ ਕਿਹਾ ਕਿ ਆੜ੍ਹਤੀਆ ਐਸੋਸੀਏਸ਼ਨ ਆੜ੍ਹਤੀਆਂ ਦੇ ਹਿਤਾਂ ਲਈ ਸੰਘਰਸ਼ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਪੂਰੀ ਆੜ੍ਹਤ ਲੈਣ ਅਤੇ ਵੱਖ-ਵੱਖ ਏਜੰਸੀਆਂ ਵਲੋਂ ਆੜ੍ਹਤੀਆਂ ਦੇ ਕੱਟੇ ਗਏ ਪੈਸਿਆਂ ਨੂੰ ਲੈ ਕੇ ਸੰਘਰਸ਼ ਚਲਦਾ ਰਹੇਗਾ | ਪ੍ਰਧਾਨ ਅਨੇਜਾ ਨੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਆਪਣੀ ਕਣਕ ਦੀ ਫ਼ਸਲ ਸੁੱਕੀ ਤੇ ਪੱਕੀ ਲੈ ਕੇ ਆਉਣ ਤਾਂ ਜੋ ਮੰਡੀ 'ਚ ਕਣਕ ਆਉਂਦੇ ਸਾਰ ਹੀ ਕਣਕ ਦਾ ਸਹੀ ਤੇ ਜਲਦ ਮੁੱਲ ਲੱਗ ਸਕੇ