ਮਲੌਦ, 10 ਅਪੈ੍ਰਲ (ਸਹਾਰਨ ਮਾਜਰਾ)-ਭਾਵੇਂ ਸਰਕਾਰੀ ਤੌਰ 'ਤੇ 1 ਅਪੈ੍ਰਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ ਪ੍ਰੰਤੂ ਦਾਣਾ ਮੰਡੀ ਮਲੌਦ ਵਿਖੇ ਕੁੱਝ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹਦੀ ਹੈ | ਅੱਜ 10ਵੇਂ ਦਿਨ ਤੱਕ ਖ਼ਰੀਦ ਕੇਂਦਰ ਮਲੌਦ ਦੇ ਮੁੱਖ ਫੜ ਦੀ ਸਫ਼ਾਈ ਦਾ ਕੋਈ ਪ੍ਰਬੰਧ ਕੀਤਾ ਗਿਆ ਨਹੀਂ ਜਾਪਦਾ ਕਿਉਂਕਿ ਇੱਥੇ ਅਜੇ ਤੱਕ ਸਰੋਂ੍ਹ ਆਦਿ ਪਈ ਹੈ | ਜੇਕਰ ਮੁੱਖ ਖ਼ਰੀਦ ਕੇਂਦਰ ਹੀ ਅਜੇ ਸਾਫ਼ ਨਹੀਂ ਵਿਖਾਈ ਦਿੰਦਾ ਤਾਂ ਫ਼ਿਰ ਇਸ ਅਧੀਨ ਪੈਂਦੇ ਖ਼ਰੀਦ ਕੇਂਦਰਾਂ ਵਿਚ ਭਲਾ ਕਿਵੇਂ ਪ੍ਰਬੰਧ ਮੁਕੰਮਲ ਹੋ ਸਕਦੇ ਹਨ | ਇਹ ਸਮੇਂ ਦੇ ਗਰਭ ਵਿਚ ਹੈ | ਦਾਣਾ ਮੰਡੀ ਦੇ ਪੱਕੇ ਫੜ ਵਿਚ ਅੱਜ ਦੋ ਚਾਰ ਕਣਕ ਦੀਆਂ ਢੇਰੀਆਂ ਵੇਖਣ ਨੂੰ ਮਿਲੀਆਂ | ਫੜ ਦਾ ਜ਼ਿਆਦਾਤਰ ਹਿੱਸਾ ਅਜੇ ਸਾਫ਼ ਨਹੀਂ ਹੈ | ਕਿਧਰੇ ਪਾਣੀ ਜਾਂ ਹੋਰ ਸੁਵਿਧਾਵਾਂ ਵੀ ਵਿਖਾਈ ਨਹੀਂ ਦੇ ਰਹੀਆਂ | ਇਕ ਤਾਂ ਮੌਸਮ ਨੇ ਕਿਸਾਨੀ ਵਰਗ ਸਮੇਤ ਹਰੇਕ ਵਰਗ ਨੂੰ ਫ਼ਿਕਰਾਂ ਵਿਚ ਪਾਇਆ ਹੋਇਆ ਹੈ | ਰੋਜ਼ਾਨਾ ਮੀਂਹ ਜਾਂ ਹਵਾ ਆਦਿ ਚੱਲਣ ਕਾਰਨ ਕਣਕ ਦੀ ਫ਼ਸਲ ਨੂੰ ਅੰਤਾਂ ਦਾ ਨੁਕਸਾਨ ਹੋਇਆ ਹੈ | ਇਸ ਤੋਂ ਪਹਿਲਾਂ ਕਿਸਾਨੀ ਨੂੰ ਆਰਥਿਕ ਪੱਖੋਂ ਆਲੂਆਂ ਦੀ ਫ਼ਸਲ ਨੇ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਹੈ | ਕਈ ਆਲੂ ਉਤਪਾਦਕਾਂ ਦੇ ਸਾਂਭ ਸੰਭਾਲ ਦੇ ਖ਼ਰਚੇ ਵੀ ਪੂਰੇ ਨਹੀਂ ਹੋਏ | ਇਸ ਲਈ ਕਿਸਾਨੀ ਨੂੰ ਹਰ ਪੱਖੋਂ ਸੰਭਾਲਣ ਲਈ ਸਰਕਾਰਾਂ ਨੂੰ ਸੁਹਿਰਦ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋ ਸਕੇ | ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਹੈ ਕਿ ਖ਼ਰੀਦ ਕੇਂਦਰਾਂ ਵਿਚ ਤੁਰੰਤ ਪੁਖ਼ਤਾ ਪ੍ਰਬੰਧ ਕਰਵਾਏ ਜਾਣ ਤਾਂ ਕਿ ਕਿਸੇ ਨੂੰ ਕੋਈ ਤਕਲੀਫ਼ ਪੇਸ਼ ਨਾ ਆਵੇ |