ਬੀਜਾ, 17 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗਲੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਤੇ ਵਿੱਦਿਆ ਸਕੱਤਰ ਸੁਖਮਿੰਦਰ ਸਿੰਘ ਦੀ ਅਗਵਾਈ ਵਿਚ 'ਦਸਤਾਰ ਸਜਾਓ ਮੁਹਿੰਮ' ਤਹਿਤ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਹਰਨੂਰਦੀਪ ਸਿੰਘ, ਐੱਮ. ਏ. ਪੋਲੀਟੀਕਲ ਸਾਇੰਸ ਨੇ ਸਥਾਨ ਪਹਿਲਾ, ਯੁਵਰਾਜ ਸਿੰਘ ਬੀ. ਐੱਸ. ਸੀ. ਮੈਡੀਕਲ ਸਾਲ ਪਹਿਲਾ ਨੇ ਸਥਾਨ ਦੂਜਾ ਅਤੇ ਗੁਰਸੇਵਕ ਸਿੰਘ ਬੀ. ਕਾਮ. ਸਾਲ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ | ਜੇਤੂ ਵਿਦਿਆਰਥੀਆਂ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ, ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸਬ ਆਫ਼ਿਸ ਇੰਚਾਰਜ ਭੋਲਾ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੇ ਸਨਮਾਨਿਤ ਕੀਤਾ | ਗਿਆਨੀ ਟੇਕ ਸਿੰਘ ਨੇ ਕਿਹਾ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸਾਡੇ ਅੰਦਰ ਗੁਰਸਿੱਖੀ ਜਜ਼ਬੇ ਨੂੰ ਸਿੰਜਦੀ ਹੈ | ਇਸ ਸਥਾਨ ਉੱਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ | ਇੱਥੇ ਹੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ ਕਿ ਵੱਡੇ ਅਤੇ ਛੋਟੇ ਸਾਹਿਬਜ਼ਾਦੇ ਕਿੱਥੇ ਹਨ? ਗੁਰੂ ਜੀ ਨੇ ਖਾਲਸਾ ਪੰਥ ਵਾਲੀ ਇਸ਼ਾਰਾ ਕਰ ਕੇ ਫੁਰਮਾਇਆ ਕਿ ਇਹੋ ਤੁਹਾਡੇ ਸਾਹਿਬਜ਼ਾਦੇ ਹਨ | ਸਾਨੂੰ ਸਾਰਿਆਂ ਨੂੰ ਇਸ ਸਥਾਨ ਤੋਂ ਪ੍ਰੇਰਨਾ ਲੈ ਕੇ ਕੇਸ ਰੱਖਣੇ ਚਾਹੀਦੇ ਹਨ ਅਤੇ ਸੁੰਦਰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹਨ | ਕਾਲਜ ਦੇ ਪਿ੍ੰਸੀਪਲ ਡਾ. ਗਗਨਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਰਹਿਤਨਾਮਿਆਂ ਵਿਚ ਸਾਬਤ ਸੂਰਤ ਦਸਤਾਰ ਸਿਰਾ, ਪਵਿੱਤਰ ਬੋਲ ਦਰਜ ਹਨ | ਸਿੱਖ ਦੀ ਪਛਾਣ ਵਿੱਚ ਕੇਸ ਅਤੇ ਦਸਤਾਰ ਦਾ ਅਨਿੱਖੜਵਾਂ ਅੰਗ ਹੈ | ਸਾਡੀ ਪੰਥਕ ਅਰਦਾਸ ਵਿਚ ਉਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨਾਂ ਨੇ ਸਿੱਖੀ ਨੂੰ ਕੇਸਾਂ ਅਤੇ ਸੁਆਸਾਂ ਨਾਲ ਨਿਭਾਇਆ | ਸਾਨੂੰ ਸਾਰਿਆਂ ਨੂੰ ਇਸ ਸਰੂਪ ਉੱਪਰ ਮਾਣ ਹੋਣਾ ਚਾਹੀਦਾ ਹੈ | ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਵਿਦਿਆਰਥੀਆਂ ਨੂੰ ਨਵੀਆਂ ਦਸਤਾਰਾਂ ਭੇਟ ਕੀਤੀਆਂ | ਇਸ ਮੌਕੇ ਕਾਲਜ ਵਲੋਂ ਵਿਦਿਆਰਥੀਆਂ ਦੇ ਨਾਲ ਡਾ. ਸਤਿੰਦਰ ਸਿੰਘ, ਲੈਕਚਰਾਰ ਹਾਜ਼ਰ ਸਨ |