ਸਾਹਨੇਵਾਲ, 19 ਅਪ੍ਰੈਲ (ਅਮਰਜੀਤ ਸਿੰਘ ਮੰਗਲੀ)-ਥਾਣਾ ਸਾਹਨੇਵਾਲ ਅਧੀਨ ਪੈਂਦੇ ਜਸਪਾਲਬਾਂਗਰ ਦੀ ਰਹਿਣ ਵਾਲੀ 16 ਸਾਲ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਦੋਸ਼ੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਸੂਆ ਰੋਡ ਜਸਪਾਲਬਾਂਗਰ ਆਪਣੀ ਭੈਣ ਕੋਲ ਰਹਿੰਦੀ 16 ਸਾਲ ਦੀ ਲੜਕੀ ਨੂੰ ਜਸਪਾਲਬਾਂਗਰ ਦਾ ਰਹਿਣ ਵਾਲਾ ਇੱਕ ਲੜਕਾ ਵਿਆਹ ਦਾ ਝਾਂਸਾ ਦੇ ਕੇ ਫ਼ਰਾਰ ਹੋ ਗਿਆ | ਲੜਕੀ ਦੇ ਪਰਿਵਾਰ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ | ਥਾਣਾ ਸਾਹਨੇਵਾਲ ਦੇ ਥਾਣੇਦਾਰ ਧਰਮਪਾਲ ਵਲੋਂ ਲੜਕੀ ਦੇ ਪਰਿਵਾਰ ਦੇ ਬਿਆਨਾਂ 'ਤੇ ਲੜਕੀ ਨੂੰ ਭਜਾਉਣ ਵਾਲੇ ਕਥਿਤ ਦੋਸ਼ੀ ਰੋਹਿਤ ਵਾਸੀ ਜਸਪਾਲਬਾਂਗਰ ਨਜ਼ਦੀਕ ਬਾਬੂ ਦੀ ਮਾਰਕੀਟ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਜਾਉਣ ਵਾਲੇ ਦੋਸ਼ੀ ਅਤੇ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਨੁਸਾਰ ਦੋਵਾਂ ਦੀ ਤਲਾਸ਼ ਵਿਚ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਕਥਿਤ ਦੋਸ਼ੀ ਦੇ ਮੋਬਾਇਲ ਦੀ ਲੋਕੇਸ਼ਨ ਵੀ ਲਗਾਈ ਗਈ ਹੈ | ਪੁਲਿਸ ਅਨੁਸਾਰ ਜਲਦ ਹੀ ਦੋਸ਼ੀ ਨੂੰ ਅਤੇ ਲੜਕੀ ਨੂੰ ਕਾਬੂ ਕਰ ਕੇ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |