ਸਮਰਾਲਾ, 19 ਅਪ੍ਰੈਲ (ਗੋਪਾਲ ਸੋਫਤ)-ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਬੇਮੌਸਮੀ ਬਾਰਸ਼ਾਂ ਕਰਨ ਕਿਸਾਨਾਂ ਵਿਚ ਪੈਦਾ ਹੋਈ ਚਿੰਤਾ ਨੂੰ ਕਣਕ ਖ਼ਰੀਦਣ ਦੇ ਮਾਪਦੰਡਾਂ ਵਿਚ ਛੋਟ ਦੇ ਕੇ ਪੰਜਾਬ ਦੇ ਕਿਸਾਨਾਂ ਦੀ ਚਿੰਤਾ ਨੂੰ ਖ਼ਤਮ ਕਰ ਦਿੱਤਾ ਹੈ | ਸੰਧੂ ਅੱਜ ਇੱਥੇ ਭਾਜਪਾ ਆਗੂ ਨੀਸ਼ੂ ਸ਼ਰਮਾ ਦੇ ਨਾਲ ਸਥਾਨਕ ਅਨਾਜ ਮੰਡੀ ਵਿਚ ਕਣਕ ਦੇ ਖ਼ਰੀਦ ਕੰਮ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬੇਮੌਸਮੀ ਬਾਰਸ਼ਾਂ ਕਾਰਨ ਕਿਸਾਨਾਂ ਦੀ ਕਣਕ ਦੇ ਮਿਆਰ ਨੂੰ ਲੈ ਕੇ ਵੱਡੀ ਚਿੰਤਾ ਪੈਦਾ ਹੋ ਗਈ ਸੀ | ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ | ਇਸ ਲਈ 9 ਅਪ੍ਰੈਲ ਨੂੰ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਚਿੱਠੀ ਪ੍ਰਾਪਤ ਹੋਣ ਉਪਰੰਤ ਅਗਲੇ ਦਿਨ ਹੀ ਕੇਂਦਰੀ ਅਧਿਕਾਰੀਆਂ ਦੀਆਂ ਟੀਮਾਂ ਪੰਜਾਬ ਦੀਆਂ 70 ਮੰਡੀਆਂ ਵਿਚ 300 ਤੋਂ ਵੱਧ ਸੈਂਪਲ ਲੈਣ ਲਈ ਭੇਜੀਆਂ ਗਈਆਂ ਅਤੇ ਕੇਂਦਰ ਸਰਕਾਰ ਵਲੋਂ ਤੁਰੰਤ ਕਣਕ ਦੇ ਖ਼ਰੀਦ ਮਾਪਦੰਡਾਂ ਵਿਚ ਛੋਟ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਗਏ | ਉਨ੍ਹਾਂ ਕਿਹਾ ਕਿ ਰਾਜਸਥਾਨ ਨੇ ਕਣਕ ਦੇ ਮਾਪਦੰਡਾਂ ਵਿਚ ਛੋਟ ਦੇਣ ਦੀ ਮੰਗ ਸਬੰਧੀ ਪੱਤਰ ਕੇਂਦਰ ਸਰਕਾਰ ਨੂੰ 2 ਅਪ੍ਰੈਲ ਨੂੰ ਹੀ ਭੇਜ ਦਿੱਤੇ ਸਨ | ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਣਕ ਦੀ ਖ਼ਰੀਦ ਸੁਚਾਰੂ ਢੰਗ ਨਾਲ ਪੂਰੇ ਜੋਸੋੋ ਖਰੋਸ਼ ਨਾਲ ਚੱਲ ਰਹੀ ਹੈ, ਜਿਸ ਕਾਰਨ ਕਿਸਾਨ ਅਤੇ ਆੜ੍ਹਤੀ ਵਰਗ ਪੂਰੀ ਤਰਾਂ ਖ਼ੁਸ਼ ਹੈ ਅਤੇ ਪੰਜਾਬ ਵਿਚ ਹੁਣ ਤੱਕ 50% ਕਣਕ ਮੰਡੀਆਂ ਵਿਚ ਆ ਚੁੱਕੀ ਹੈ | ਕਣਕ ਵਿਚ ਲਿਫ਼ਟਿੰਗ ਦੀ ਸਮੱਸਿਆ ਸਬੰਧੀ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਆਗੂਆਂ ਦੀ ਪੰਜਾਬ ਵਿਚ ਕਣਕ ਦੀ ਖ਼ਰੀਦ ਸਬੰਧੀ ਮੁਸ਼ਕਲਾਂ ਦੂਰ ਕਰਨ ਲਈ ਬਕਾਇਦਾ ਡਿਊਟੀਆਂ ਲਾਈਆਂ ਹਨ | ਇਸ ਲਈ ਹੁਣ ਰੇਲਵੇ ਤੇ ਭਾਰਤੀ ਖ਼ੁਰਾਕ ਨਿਗਮ ਸਮੇਤ ਸਾਰੇ ਸਬੰਧਿਤ ਵਿਭਾਗਾਂ ਨਾਲ ਮੀਟਿੰਗ ਕਰ ਕੇ ਕਣਕ ਦੀ ਲਿਫ਼ਟਿੰਗ ਸਬੰਧੀ ਮੁਸ਼ਕਿਲ ਦੂਰ ਕਰ ਦਿੱਤੀ ਜਾਵੇਗੀ | ਸੰਧੂ ਨੇ ਇਸ ਮੌਕੇ 'ਤੇ ਮੰਡੀ ਵਿਚ ਕਣਕ ਲੈ ਕੇ ਆਏ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ | ਇਸ ਮੌਕੇ 'ਤੇ ਭਾਜਪਾ ਆਗੂ ਨੀਸ਼ੂ ਚਹਿਲਾਂ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਤੇਜੀ ਰਾਜੇਵਾਲ, ਮਿੰਟੂ ਕੁੱਲਵਾਲ, ਭਾਜਪਾ ਆਗੂ ਅਜੀਤ ਗੁਪਤਾ ਅਤੇ ਬਲਰਾਮ ਸ਼ਰਮਾ, ਮੰਡਲ ਪ੍ਰਧਾਨ ਸੰਦੀਪ ਭਾਰਤੀ, ਭਾਜਪਾ ਦੇ ਯੁਵਾ ਵਿੰਗ ਦੇ ਆਗੂ ਰਜਤ ਖੁੱਲਰ, ਰਮਨ ਖੁੱਲਰ, ਗਗਨ ਥਾਪਰ ਅਤੇ ਆਰਤੀ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਆੜ੍ਹਤੀ ਵੀ ਹਾਜ਼ਰ ਸਨ |