ਖੰਨਾ, 25 ਅਪ੍ਰੈਲ (ਹਰਜਿੰਦਰ ਸਿੰਘ ਲਾਲ)- ਏ.ਐਸ. ਗਰੁੱਪ ਆਫ ਇੰਸਟੀਚਿਊਸ਼ਨਜ਼, ਖੰਨਾ ਦੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਵੱਲੋਂ ਡਿਜ਼ਿਟਲ ਮਾਰਕੀਟਿੰਗ ਵਿਸ਼ੇ 'ਤੇ ਇੱਕ ਮਹੱਤਵਪੂਰਨ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਅਤੇ ਡਿਜ਼ਿਟਲ ਪਲੇਟਫਾਰਮਾਂ ਰਾਹੀਂ ਮਾਰਕੀਟਿੰਗ ਦੇ ਨਵੇਂ ਪੱਖਾਂ ਨਾਲ ਜਾਣੂ ਕਰਵਾਉਣਾ ਸੀ | ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਅੰਸ਼ ਇਨਫੋਟੈਕ ਦੇ ਸੀ.ਈ.ਓ. ਅਸ਼ੀਸ਼ ਜਲੋਟਾ ਅਤੇ ਜਸਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ | ਅਸ਼ੀਸ਼ ਜਲੋਟਾ ਨੇ ਵਿਦਿਆਰਥੀਆਂ ਨੂੰ ਸਰਚ ਇੰਜਨ ਓਪਟੀਮਾਈਜ਼ੇਸ਼ਨ, ਸੋਸ਼ਲ ਮੀਡੀਆ ਮਾਰਕੀਟਿੰਗ, ਕੰਟੈਂਟ ਸਟਰੈਟਜੀ ਅਤੇ ਆਨਲਾਈਨ ਬ੍ਰਾਂਡਿੰਗ ਵਰਗੇ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਡਿਜ਼ਿਟਲ ਮਾਰਕੀਟਿੰਗ ਕਰੀਅਰ ਲਈ ਇੱਕ ਬਹੁਤ ਹੀ ਮਹੱਤਵਪੂਰਣ ਅਤੇ ਤੇਜ਼ੀ ਨਾਲ ਉਭਰਦਾ ਖੇਤਰ ਹੈ | ਜਸਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਕਿਲ ਡਿਵੈਲਪਮੈਂਟ 'ਤੇ ਧਿਆਨ ਦੇਣ ਅਤੇ ਨਵੇਂ ਡਿਜ਼ਿਟਲ ਟੂਲ ਸਿੱਖਣ ਲਈ ਪ੍ਰੇਰਿਤ ਕੀਤਾ | ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਡਿਜ਼ਿਟਲ ਮਾਰਕੀਟਿੰਗ ਵਰਗੇ ਆਧੁਨਿਕ ਵਿਸ਼ਿਆਂ ਦੀ ਜਾਣਕਾਰੀ ਅੱਜ ਦੇ ਸਮੇਂ ਦੀ ਲੋੜ ਹੈ, ਜਿਸ ਨਾਲ ਵਿਦਿਆਰਥੀ ਆਪਣੇ ਕਰੀਅਰ ਵਿੱਚ ਨਵੀਆਂ ਉੱਚਾਈਆਂ ਹਾਸਲ ਕਰ ਸਕਦੇ ਹਨ |ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਪ੍ਰਸ਼ਨਾਂ ਦੇ ਜ਼ਰੀਏ ਆਪਣੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ | ਮੰਚ ਦਾ ਸੰਚਾਲਨ ਪ੍ਰੋਫੈਸਰ ਹਰਨੀਤ ਨੇ ਕੀਤਾ | ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ |