ਮਾਛੀਵਾੜਾ ਸਾਹਿਬ, 25 ਅਪ੍ਰੈਲ (ਮਨੋਜ ਕੁਮਾਰ)-ਇਸ ਵਾਰ ਕਣਕ ਦਾ ਸੀਜ਼ਨ ਮਹਿਜ਼ 15 ਦਿਨਾਂ ਵਿਚ ਸਿਮਟਦਾ ਨਜ਼ਰ ਆ ਰਿਹਾ ਹੈ ਤੇ ਹਰ ਵਾਰ ਇਸ ਸੀਜ਼ਨ ਦੇ ਦਿਨਾਂ ਵਿਚ ਗਿਰਾਵਟ ਨਜ਼ਰ ਆ ਰਹੀ ਹੈ | ਕਰੀਬ ਦੋ ਦਹਾਕਿਆਂ ਦੀ ਗੱਲ ਕਰੀਏ ਤਾਂ ਪਹਿਲਾਂ ਕਣਕ ਦੇ ਆਉਣ 'ਤੇ ਲਿਫ਼ਟਿੰਗ ਤੱਕ ਕਰੀਬ ਡੇਢ ਮਹੀਨੇ ਦਾ ਸਮਾਂ ਲੱਗਦਾ ਸੀ | ਪਰ ਹੁਣ ਤਾਂ ਪਲਕ ਝਪਕਦੇ ਹੀ ਸੀਜ਼ਨ ਨਿਕਲ ਜਾਂਦਾ ਹੈ | ਪਰ ਇਸ ਦੇ ਨਾਲ ਇਸ ਵਾਰ ਜੋ ਵੱਡੀ ਸਮੱਸਿਆ ਦੇਖਣ ਨੂੰ ਮਿਲੀ ਕਿ ਮੰਡੀ ਵਿਚ ਲੇਬਰ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆੜ੍ਹਤੀਆਂ ਦਾ ਤਾਂ ਇਸ ਸਮੱਸਿਆ ਨੇ ਕਾਫੀ ਨੁਕਸਾਨ ਵੀ ਕੀਤਾ ਕਿ ਲੇਬਰ ਠੇਕੇਦਾਰ ਲੱਖਾਂ ਰੁਪਏ ਐਡਵਾਂਸ ਮੰਗਵਾ ਕੇ ਆਪ ਬਿਹਾਰ ਤੋਂ ਆਏ ਹੀ ਨਹੀਂ ਤੇ ਇਸ ਸਮੱਸਿਆ ਦਾ ਅਸਰ ਹੁਣ ਲਿਫ਼ਟਿੰਗ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ | ਜਿਸ ਕਾਰਨ ਅਨਾਜ ਮੰਡੀ ਵਿਚ ਲੱਗੇ ਅੰਬਾਰ ਸਮੱਸਿਆ ਬਣ ਕੇ ਉੱਭਰ ਰਹੇ ਹਨ | ਇਸ ਦੇ ਨਾਲ ਹੀ ਲਿਫ਼ਟਿੰਗ ਦੀ ਧੀਮੀ ਰਫ਼ਤਾਰ ਦਾ ਇੱਕ ਹੋਰ ਕਾਰਨ ਕਿਸੇ ਸਰਕਾਰੀ ਖਰੀਦ ਏਜੰਸੀ ਕੋਲ ਕਣਕ ਲਈ ਸਟੋਰੇਜ ਦੀ ਕਮੀ ਦੇਖੀ ਜਾ ਰਹੀ ਹੈ | ਪਰ ਜੇਕਰ ਹੁਣ ਤੱਕ ਮੰਡੀ ਵਿਚ ਪਹੁੰਚੀ ਆਮਦ ਦੀ ਗੱਲ ਕਰੀਏ ਤਾਂ 578000 ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ ਤੇ ਜਿਸ ਵਿਚੋਂ ਕਰੀਬ 263000 ਕੁਇੰਟਲ ਲਿਫ਼ਟਿੰਗ ਹੋ ਚੁੱਕੀ ਹੈ | ਜਦੋਂ ਕਿ ਪਿਛਲੇ ਸੀਜ਼ਨ ਵਿਚ 750000 ਕੁਇੰਟਲ ਕਣਕ ਦੀ ਆਮਦ ਹੋਈ ਸੀ ਤੇ ਸ਼ਾਇਦ ਇਸ ਵਾਰ ਇਸ ਅੰਕੜੇ ਤੱਕ ਪਹੁੰਚਣਾ ਮੁਸ਼ਕਿਲ ਦਿਖਾਈ ਦੇ ਰਿਹਾ ਹੈ | ਫਿਲਹਾਲ ਸਰਕਾਰੀ ਰੇਟ 2585 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਦੀ ਫ਼ਸਲ ਨੂੰ ਬਿਨਾਂ ਕਿਸੇ ਰੁਕਾਵਟ ਦੇ ਖਰੀਦਿਆ ਗਿਆ ਹੈ |