ਮਾਛੀਵਾੜਾ ਸਾਹਿਬ, 25 ਅਪ੍ਰੈਲ (ਮਨੋਜ ਕੁਮਾਰ)-ਜੇਕਰ ਆਉਣ ਵਾਲੇ ਸਮੇਂ ਵਿਚ ਮਾਛੀਵਾੜਾ ਇਲਾਕੇ ਦੇ ਖੇਤਾਂ ਵਿਚ ਕਣਕ ਦੀ ਜਗਾ ਮੱਕੀ ਦੀ ਲਹਿਰਾਉਂਦੀ ਫ਼ਸਲ ਦਿਖਾਈ ਦਿੱਤੀ ਤਾਂ ਹੈਰਾਨ ਹੋਣ ਦੀ ਗੱਲ ਨਹੀਂ ਕਿਉਂ ਕਿ ਹਲਕੇ ਦੇ ਕਿਸਾਨਾਂ ਵਿਚ ਕਣਕ ਦੀ ਬਿਜਾਈ ਤੋਂ ਕੁੱਝ ਮੋਹ ਭੰਗ ਹੁੰਦਾ ਜਾ ਰਿਹਾ ਹੈ | ਜਿਸ ਦੀ ਪੁਸ਼ਟੀ ਖੇਤੀਬਾੜੀ ਵਿਭਾਗ ਵਿੱਚ ਤਾਇਨਾਤ ਅਧਿਕਾਰੀ ਡਾ. ਗਗਨਦੀਪ ਸਿੰਘ ਨੇ ਕਰਦਿਆਂ ਕਿਹਾ ਕਿ ਇਸ ਵਾਰ ਇਲਾਕੇ ਅੰਦਰ ਮੱਕੀ ਦੀ ਬਿਜਾਈ ਦਾ ਰਕਬਾ ਵਧਿਆ ਹੈ ਤੇ ਕੁੱਝ ਕਿਸਾਨਾਂ ਨੇ ਕਣਕ ਦੀ ਥਾਂ ਮੱਕੀ ਨੂੰ ਜ਼ਿਆਦਾ ਪਹਿਲ ਦਿੱਤੀ ਹੈ | ਇਹ ਬਿਜਾਈ ਦਾ ਰਕਬਾ ਜਿੱਥੇ ਪਿਛਲੇ ਸਾਲ ਕਰੀਬ 4000 ਏਕੜ ਦੇ ਆਸ ਪਾਸ ਸੀ, ਉਹ ਇਸ ਵਾਰ 8000 ਏਕੜ ਦੇ ਕਰੀਬ ਪਹੁੰਚ ਗਿਆ ਹੈ | ਪਰ ਜੇਕਰ ਮੱਕੀ ਦੀ ਗੱਲ ਕਰੀਏ ਤਾਂ ਇਸ ਫ਼ਸਲ ਲਈ ਝੋਨੇ ਤੋਂ ਵੀ ਕਿਤੇ ਜ਼ਿਆਦਾ ਪਾਣੀ ਲਗਾਉਣ ਦੀ ਲੋੜ ਪੈਂਦੀ ਹੈ | ਪਰ ਮਾਹਿਰ ਮੰਨਦੇ ਹਨ ਕਿ ਮੱਕੀ ਦੇ ਵੱਖ-ਵੱਖ ਕਿਸਮ ਦੇ ਹਾਈਬਿ੍ਡ ਬੀਜਾਂ ਕਰ ਕੇ ਇਸ ਦਾ ਝਾੜ 50-60 ਕੁਇੰਟਲ ਤੱਕ ਪਹੁੰਚ ਜਾਂਦਾ ਹੈ ਤੇ ਕਿਸਾਨ ਸਾਲ ਵਿਚ ਜਿੱਥੇ ਪਹਿਲਾਂ ਝੋਨੇ ਤੇ ਕਣਕ ਦੀ ਫ਼ਸਲ ਲੈਦੇ ਸਨ | ਹੁਣ ਉਹ ਆਲੂ ਤੇ ਮੱਕੀ ਸਮੇਤ ਤਿੰਨ ਫ਼ਸਲਾਂ ਲੈ ਰਹੇ ਹਨ | ਇਸ ਦੇ ਨਾਲ ਹੀ ਕਣਕ ਦਾ ਝਾੜ ਵੀ ਬਰਾਬਰ ਨਿਕਲ ਰਿਹਾ ਹੈ ਤੇ ਕਰੀਬ ਏਕੜ ਵਿਚੋਂ 20-21 ਕੁਇੰਟਲ ਝਾੜ ਨਿਕਲ ਰਿਹਾ ਹੈ | ਅੱਜ ਤੱਕ ਦਾ ਕਣਕ ਦੀ ਆਮਦ ਦਾ ਆਕੜਾਂ ਦੇਖੀਏ ਤਾਂ ਹੁਣ ਤੱਕ ਮੰਡੀ ਵਿੱਚ 75 ਫ਼ੀਸਦੀ ਫ਼ਸਲ ਆ ਚੁੱਕੀ ਹੈ |