ਮਾਛੀਵਾੜਾ ਸਾਹਿਬ, 2 ਮਈ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਝਾੜ ਸਾਹਿਬ ਵਿਖੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਰਹਿਨੁਮਾਈ ਅਤੇ ਆਈ. ਕਿਉ. ਏ. ਸੀ. ਦੇ ਸਹਿਯੋਗ ਨਾਲ ਅਲੂਮਨੀ ਸੈੈੱਲ ਦੇ ਕਨਵੀਨਰ ਡਾ. ਸੁਨੀਤਾ ਕੌਸ਼ਲ, ਪ੍ਰੋ. ਜਸਵੀਰ ਕੌਰ ਦੀ ਯੋਗ ਅਗਵਾਈ ਹੇਠ ਪੁਰਾਣੀਆਂ ਵਿਦਿਆਰਥਣਾਂ ਲਈ ਮਿਲਣੀ ਸਮਾਗਮ ਰੱਖਿਆ ਗਿਆ | ਸਮਾਰੋਹ ਦੀ ਸ਼ੁਰੂਆਤ 'ਚ ਪਿ੍ੰਸੀਪਲ ਅਤੇ 1996-2007 ਦੀਆਂ ਵਿਦਿਆਰਥਣਾਂ ਜਸਪਾਲ ਕੌਰ, ਗੁਰਸਿਮਰਨ ਕੌਰ, ਨਵਨੀਤ ਕੌਰ, ਕਰਮਜੀਤ ਕੌਰ ਅਤੇ ਸਰਬਜੀਤ ਕੌਰ ਨੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ | ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਡਾ. ਸੁਨੀਤਾ ਕੌਸ਼ਲ ਨੇ ਕਿਹਾ ਕਿ ਇਹ ਪ੍ਰੋਗਰਾਮ ਕਾਲਜ ਦੇ 25 ਸਾਲਾਂ ਵਰ੍ਹੇਗੰਢ ਦੀ ਖ਼ੁਸ਼ੀ 'ਚ ਕਰਵਾਇਆ ਗਿਆ ਹੈ, ਜਿਸ ਦਾ ਮਕਸਦ ਕਾਲਜ 'ਚੋਂ ਪੜ੍ਹ ਕੇ ਗਈਆਂ ਪੁਰਾਣੀਆਂ ਵਿਦਿਆਰਥਣਾਂ ਨੂੰ ਮੁੜ ਇਕੱਤਰ ਕਰ ਕੇ ਉਨ੍ਹਾਂ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਨਾ ਹੈ | ਕਾਲਜ ਦੀਆਂ ਮੌਜੂਦਾ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਪੁਰਾਣੀਆਂ ਵਿਦਿਆਰਥਣਾਂ ਵਲੋਂ ਵੀ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਇਸ ਮਿਲਣੀ ਦੀ ਦਿਲੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਮਿਲਣੀ ਅਲੂਮਨੀ ਕਮੇਟੀ ਦੇ ਮੈਂਬਰਾਂ ਅਤੇ ਸਮੂਹ ਸਟਾਫ਼ ਦੇ ਸਾਂਝੇ ਯਤਨਾਂ ਸਦਕਾ ਹੀ ਹੋ ਸਕੀ ਹੈ | ਵਿਦਿਆਰਥਣਾਂ ਵਲੋਂ ਕਾਲਜ ਵਿਖੇ ਇੱਕ ਯਾਦਗਾਰੀ ਪਾਰਕ ਬਣਾਉਣ ਲਈ ਪੌਦੇ ਲਗਾਏ ਗਏ ਅਤੇ ਕਾਲਜ ਵਲੋਂ ਪ੍ਰੋਗਰਾਮ 'ਚ ਪਹੁੰਚੀ ਹਰ ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਡਾ. ਮਨਦੀਪ ਕੌਰ ਨੇ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ | ਅਖੀਰ ਵਿਚ ਮੁਕੇਸ਼ ਸ਼ਰਮਾ ਨੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ |