ਅਹਿਮਦਗੜ੍ਹ, 4 ਮਈ (ਰਵਿੰਦਰ ਪੁਰੀ)-ਸਮਾਜ ਸੇਵਾ ਦੀ ਅਨੋਖੀ ਮਿਸਾਲ ਪੇਸ਼ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਮਲ ਧਾਲੀਵਾਲ ਦੀ ਅਗਵਾਈ ਹੇਠ ਹਲਕਾ ਅਮਰਗੜ੍ਹ ਵਿਖੇ ਵਿਸ਼ਾਲ ਮੈਗਾ ਮੈਡੀਕਲ ਕੈਂਪ ਲਗਾਇਆ | ਕੈਂਪ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਮਦਦ ਨਾਲ ਸਾਬਕਾ ਸਰਪੰਚ ਰੁਪਿੰਦਰ ਸਿੰਘ ਪਿੰਦੂ ਦੀ ਨਿਗਰਾਨੀ ਹੇਠ ਇਲਾਕੇ ਦੇ ਵੱਡੇ ਪਿੰਡ ਕੰਗਣਵਾਲ ਵਿਖੇ ਲਗਾਇਆ | ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਤੇ ਹੋਰ ਬਿਮਾਰੀਆਂ ਜਿਵੇਂ ਅੱਖਾਂ ਦੀ ਜਾਂਚ, ਹੱਡੀਆਂ ਦੀ ਜਾਂਚ ਤੇ ਸ਼ੂਗਰ-ਬੀਪੀ ਵਰਗੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਹੂਲਤਾਂ ਪ੍ਰਦਾਨ ਕਰਨਾ ਸੀ | ਇਸ ਮੌਕੇ ਮੈਡੀਕਲ ਟੈੱਸਟ ਤੇ ਦਵਾਈਆਂ ਮੁਫ਼ਤ ਵੰਡੀਆਂ ਗਈਆਂ, ਜਿਸ ਨਾਲ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨੂੰ ਬਹੁਤ ਰਾਹਤ ਮਿਲੀ | ਕੈਂਪ 'ਚ ਆਧੁਨਿਕ ਮਸ਼ੀਨਾਂ ਤੇ ਸਾਜ਼ੋ-ਸਾਮਾਨ ਦੀ ਵਰਤੋਂ ਕੀਤੀ ਗਈ, ਜਿਸ ਨਾਲ ਜਾਂਚ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ | ਆਯੋਜਕਾਂ ਮੁਤਾਬਿਕ ਇਸ ਕੈਂਪ ਦਾ ਉਦੇਸ਼ ਨਾ ਸਿਰਫ਼ ਇਲਾਜ ਕਰਨਾ ਬਲਕਿ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਵੀ ਸੀ | ਡਾਕਟਰਾਂ ਨੇ ਲੋਕਾਂ ਨੂੰ ਕੈਂਸਰ ਦੇ ਲੱਛਣਾਂ, ਰੋਕਥਾਮ ਦੇ ਉਪਾਵਾਂ ਤੇ ਨਿਯਮਤ ਜਾਂਚ ਦੀ ਜ਼ਰੂਰਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਕੈਂਪ ਸਮਾਜ ਲਈ ਬਹੁਤ ਲਾਭਦਾਇਕ ਹੁੰਦੇ ਹਨ |