ਮਲੌਦ, 8 ਮਈ (ਸਹਾਰਨ ਮਾਜਰਾ)-ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂਾ ਕਾਇਮ ਕੀਤੇ ਸਿੱਖ ਰਾਜ ਨੂੰ ਬਚਾਉਣ ਲਈ ਜਬਰ ਦਾ ਜੰਗ ਸਬਰ ਨਾਲ ਲੜਦਿਆਂ ਸ਼ਹੀਦ ਹੋਏ ਮਹਾਨ ਪਰਉਪਕਾਰੀ ਜਬਰ ਦਾ ਜੰਗ ਸਬਰ ਨਾਲ ਲੜਨ ਵਾਲੇ ਸੰਤ ਸਿਪਾਹੀ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਅਤੇ 13 ਹਜ਼ਾਰ ਗੁਰਸਿੱਖ ਸ਼ਹੀਦ ਸਿੰਘਾਂ ਦੀ ਨਿੱਘੀ ਯਾਦ ਸਮਰਪਿਤ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਜੰਗ-ਏ-ਅਜ਼ਾਦੀ ਦੇ ਮੁੱਢਲੇ ਘੁਲਾਟੀਏ ਤੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਦੇ ਜਨਮ ਨਗਰ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਰੱਬੋਂ ਉੱਚੀ ਵਿਖੇ ਪਿਛਲੇ ਕਈ ਰੋਜ਼ ਤੋਂ ਕਰਵਾਏ ਜਾ ਰਹੇ ਹਨ | ਜਿਸ ਤਹਿਤ ਅਖੰਡ ਪਾਠਾਂ ਦੇ ਭੋਗ ਕੱਲ੍ਹ 10 ਮਈ ਐਤਵਾਰ ਨੂੰ 6 ਵਜੇ ਪਾਏ ਜਾਣਗੇ | ਇਸ ਸਬੰਧੀ ਗੁਰਦੁਆਰਾ ਦਮਦਮਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ, ਸ਼ਿੰਦਰਪਾਲ ਸਿੰਘ, ਭਾਈ ਦਰਸ਼ਨ ਸਿੰਘ ਨਿਸ਼ਕਾਮ ਕੀਰਤਨੀ ਜਥਾ, ਪਰਮਿੰਦਰ ਸਿੰਘ, ਕਰਮਜੀਤ ਸਿੰਘ ਮਾਨ, ਸੈਕਟਰੀ ਦਰਸ਼ਨ ਸਿੰਘ, ਸੁਰਜੀਤ ਸਿੰਘ, ਜਗਜੀਤ ਸਿੰਘ, ਹਰਵਿੰਦਰ ਸਿੰਘ, ਤਰਸੇਮ ਸਿੰਘ, ਜਗਦੀਸ਼ ਸਿੰਘ ਆਦਿ ਸਮੂਹ ਪ੍ਰਬੰਧ ਕਮੇਟੀ ਮੈਂਬਰਾਂ ਦੀ ਇਕੱਤਰਤਾ ਹੋਈ | ਉਪਰੰਤ ਸਾਬਕਾ ਸਰਪੰਚ ਪ੍ਰਧਾਨ ਪਿਆਰਾ ਸਿੰਘ ਅਤੇ ਕਰਮਜੀਤ ਮਾਨ ਨੇ ਦੱਸਿਆ ਕਿ ਜੰਗ-ਏ-ਅਜ਼ਾਦੀ ਦੇ ਪਹਿਲੇ ਸ਼ਹੀਦ ਅਤੇ ਮੁੱਢਲੇ ਘੁਲਾਟੀਏ ਸ਼ਹੀਦ ਬਾਬਾ ਮਹਾਰਾਜ ਸਿੰਘ ਯਾਦਗਾਰ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਕੱਲ੍ਹ 10 ਮਈ ਨੂੰ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ | ਇਹ ਵਿਸ਼ਾਲ ਨਗਰ ਕੀਰਤਨ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਰੱਬੋਂ ਤੋਂ ਕੱਲ੍ਹ ਮਿਤੀ 10 ਮਈ ਨੂੰ ਸਵੇਰੇ 7 ਵਜੇ ਆਰੰਭ ਹੋਣਗੇ | ਜਿਹੜੇ ਪਿੰਡ ਰੱਬੋਂ ਉੱਚੀ, ਰੱਬੋਂ ਨੀਵੀਂ, ਬਾਬਰਪੁਰ, ਬੇਰ ਖੁਰਦ, ਕੂਹਲੀ, ਲਹਿਲ, ਜੀਰਖ, ਗੁਰਦੁਆਰਾ ਸਿੱਧਸਰ ਭੀਖੀ ਤੋਂ 12 ਵਜੇ ਦੁਪਹਿਰ ਤੋਂ 2 ਵਜੇ ਤੱਕ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਪੁੱਜਣਗੇ | ਇੱਥੇ ਵਿਸ਼ਰਾਮ ਉਪਰੰਤ ਮੁੜ ਗੁਰਦੁਆਰਾ ਚੋਲ੍ਹਾ ਸਾਹਿਬ ਘੁਡਾਣੀ ਕਲਾਂ, ਫ਼ਿਰੋਜ਼ਪੁਰ ਚਾਪੜਾ, ਸਿਹੌੜਾ, ਲਸਾੜਾ ਹੋਏ ਗੁਰਦੁਆਰਾ ਦਮਦਮਾ ਸਾਹਿਬ ਰੱਬੋਂ ਉੱਚੀ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਸਮਾਪਤ ਹੋਣਗੇ |