ਖੰਨਾ, 9 ਮਈ (ਸ. ਰ.)-ਅੱਜ ਸਵੇਰ ਤੋਂ ਹੀ ਖੰਨਾ ਤੋਂ ਮੰਡੀ ਗੋਬਿੰਦਗੜ੍ਹ ਨੈਸ਼ਨਲ ਹਾਈਵੇ ਤੋਂ ਪਿੰਡ ਭਾਦਲਾ ਬਸਤੀ, ਪਿੰਡ ਅਲੌੜ, ਭਾਦਲਾ ਉੱਚਾ, ਭਾਦਲਾ ਨੀਚਾ, ਇਸਮੈਲ ਪੁਰ, ਅਲੀਪੁਰ, ਮਾਣਕ ਮਾਜਰਾ, ਖੇੜੀ ਨੌਧ ਸਿੰਘ, ਉੱਚਾ ਪਿੰਡ ਸੰਘੋਲ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਦੀ ਸੜਕ ਦੇ ਤਰਸਯੋਗ ਹਲਾਤ ਖ਼ਿਲਾਫ਼ ਲੋਕਾਂ ਨੇ ਧਰਨਾ ਲਾਇਆ | ਵਿਧਾਨ ਸਭਾ ਹਲਕਾ ਖੰਨਾ ਅਤੇ ਵਿਧਾਨ ਸਭਾ ਹਲਕਾ ਅਮਲੋਹ ਨੂੰ ਜੋੜਦੀ ਹੋਈ ਇਹ 18 ਫੁੱਟ ਚੌੜੀ ਸੜਕ ਦਾ ਨਾਂਅ ਪੰਜਾਬ ਸਰਕਾਰ ਵਲੋਂ ਪਿਛਲੀ ਦਿਨੀਂ ਮਹਿਰੂਮ ਗਾਇਕ ਜਨਾਬ ਸਰਦੂਲ ਸਿਕੰਦਰ ਯਾਦਗਾਰੀ ਮਾਰਗ ਰੱਖਿਆ ਗਿਆ ਸੀ | ਪ੍ਰੰਤੂ ਇਸ ਸੜਕ 'ਤੇ ਪੈਂਦੇ 60 ਦੇ ਕਰੀਬ ਪਿੰਡ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਅਤੇ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਮੰਡੀ ਗੋਬਿੰਦਗੜ੍ਹ ਨਾਲੋਂ ਬਿਲਕੁਲ ਆਪਣੇ ਆਪ ਨੂੰ ਅਲੱਗ ਹੋਇਆ ਮਹਿਸੂਸ ਕਰ ਰਹੇ ਹਨ | ਇਸ ਦਾ ਕਾਰਨ ਇਹ ਹੈ ਕਿ ਸੜਕ ਦਾ ਬੁਰਾ ਹਾਲ ਹੈ | ਅੱਜ ਇਲਾਕੇ ਦੇ ਮੁਹਤਬਰ ਸੱਜਣਾਂ ਨੇ ਇਕੱਠੇ ਹੋ ਕੇ ਨੈਸ਼ਨਲ ਹਾਈਵੇ ਦੇ ਨਾਲ ਸਰਵਿਸ ਰੋਡ ਉੱਪਰ ਪੱਕਾ ਧਰਨਾ ਲਗਾ ਦਿੱਤਾ ਹੈ | ਰਜਿੰਦਰ ਸਿੰਘ ਬੈਨੀਪਾਲ ਪ੍ਰਧਾਨ ਮਜ਼ਦੂਰ ਕਿਸਾਨ ਯੂਨੀਅਨ, ਲੋਕ ਗਾਇਕ ਹੁਸ਼ਿਆਰ ਮਾਹੀਂ, ਸੁੱਖਾ ਗਰੇਵਾਲ, ਸਾਬਕਾ ਪੰਚ ਗੁਰਮੁੱਖ ਸਿੰਘ ਨੇ ਕਿਹਾ ਕਿ ਇਸ ਸੜਕ 'ਤੇ ਆ ਕੇ ਲੋਕ ਇਸ ਤਰ੍ਹਾਂ ਮਹਿਸੂਸ ਕਰਦੇ ਹਨ ਜਿਸ ਤਰ੍ਹਾਂ ਕਿਸੇ ਮਾਈਨਿੰਗ ਦੀ ਖੱਡ ਵਿੱਚ ਆ ਗਏ ਹੋਣ | ਲੋਕਾਂ ਵੱਲੋਂ ਪਹਿਲਾਂ ਵੀ ਇੱਥੇ ਧਰਨਾ ਲਗਾਇਆ ਗਿਆ ਸੀ ਉਦੋਂ ਪ੍ਰਸ਼ਾਸਨ ਵੱਲੋਂ ਇੱਕ ਮਹੀਨੇ ਦਾ ਸਮਾਂ ਮੰਗਿਆ ਗਿਆ ਸੀ | ਪ੍ਰੰਤੂ ਅੱਜ ਹੁਣ ਤਾਂ 7 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ ਪਰ ਸਰਕਾਰ ਦਾ ਨੁਮਾਇੰਦਾ ਲੋਕਾਂ ਦੀ ਸਾਰ ਲੈਣ ਤੱਕ ਨਹੀਂ ਆਇਆ | ਇਹ ਧਰਨਾ ਹੁਣ ਅਣਮਿੱਥੇ ਸਮੇਂ ਲਈ ਲਗਾਇਆ ਜਾਵੇਗਾ | ਇਸ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖੰਨੇ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਅਤੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵੀ ਸੰਬੋਧਨ ਕੀਤਾ | ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਦਿਵਾਲੀਆ ਹੋ ਚੁੱਕੀ ਹੈ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਅਸਮਰਥ ਹੈ | ਉਨ੍ਹਾਂ ਕਿਹਾ ਸਿਰਫ਼ 500 ਮੀਟਰ ਲੰਬਾਈ ਦੀ ਇਹ ਸੜਕ ਮੌਜੂਦਾ ਸਰਕਾਰ ਤੋਂ ਨਹੀਂ ਬਣ ਰਹੀ ਹੋਰ ਇਹ ਸਰਕਾਰ ਕੀ ਕਰੇਗੀ | ਪਰ ਹਲਕਾ ਖੰਨਾ ਦੇ ਵਿਧਾਇਕ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅੱਖਾਂ ਮੀਚੀ ਬੈਠ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਇਨ੍ਹਾਂ ਪਿੰਡਾਂ ਦੇ ਲੋਕ ਦੁੱਖੀ ਹਨ, ਲੋਕਾਂ ਵੱਲੋਂ ਇਹ ਸੜਕ ਨੂੰ ਬਣਵਾਉਣ ਲਈ ਸਮੇਂ ਸਮੇਂ ਤੇ ਧਰਨੇ ਲਗਾਏ ਗਏ ਹਨ ਪਰ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ | ਇਸ ਸਰਕਾਰ ਨੇ ਲਾਰੇ ਲਾ ਕੇ ਅਤੇ ਚੁਟਕਲੇ ਸੁਣਾ ਕੇ ਸਾਢੇ ਚਾਰ ਸਾਲ ਕੱਢ ਦਿੱਤੇ ਹਨ | ਖੰਨਾ ਤੋਂ ਕੈਬਨਿਟ ਮੰਤਰੀ ਨੇ ਇਸ ਸੜਕ ਦੇ ਨਾਲ ਲੱਗਦੇ ਪਿੰਡਾਂ ਨੂੰ ਅਣਗੌਲਿਆ ਕੀਤਾ ਹੋਇਆ ਹੈ | ਇਸ ਮੌਕੇ ਰਘਬੀਰ ਸਿੰਘ ਸਾਬਕਾ ਪੰਚ ਚਰਨਜੀਤ ਸਿੰਘ ਚੰਨਾ ਪੰਚ, ਮੇਜਰ ਸਿੰਘ ਨੰਬਰਦਾਰ ਭਾਦਲਾ ਉੱਚਾ, ਚਰਨ ਸਿੰਘ ਸਾਬਕਾ ਸਰਪੰਚ ਪਿੰਡ ਇਸਮੈਲਪੁਰ, ਗੁਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਦਰਸ਼ਨ ਰਾਮ, ਸੇਰ ਸਿੰਘ ਨਿਊਆ, ਕਰਨੈਲ ਸਿੰਘ ਨਿਊਆ, ਬਲਜੀਤ ਸਿੰਘ ਨਿਊਆ, ਸਵਰਨ ਸਿੰਘ ਨਿਊਆ, ਜੋਰਾ ਸਿੰਘ ਨਿਊਆ, ਸੁੱਖਾ ਗਰੇਵਾਲ ਪੰਚ ਭਾਦਲਾ ਨੀਚਾ, ਪਰਮਿੰਦਰ ਸਿੰਘ ਨੀਟਾ ਸਾਬਕਾ ਸਰਪੰਚ ਅਲੀਪੁਰ, ਗੁਰਦੀਪ ਸਿੰਘ ਅਲੀਪੁਰ ਟੋਨੀ, ਕੁਲਵਿੰਦਰ ਸਿੰਘ ਮਨਾਂ, ਹਰਦੀਪ ਸਿੰਘ, ਗੁਰਦੀਪ ਸਿੰਘ ਖੰਗੂੜਾ, ਸੰਦੀਪ ਸਿੰਘ ਗਰੇਵਾਲ ਪੰਚ ਭਾਦਲਾ ਨੀਚਾ ਆਦਿ ਹਾਜ਼ਰ ਸਨ |