ਮਲੌਦ, 12 ਮਈ (ਪੱਤਰ ਪ੍ਰੇਰਕ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰਕਾਰੀ ਮਿਡਲ ਸਕੂਲ ਗੋਸਲ ਬਲਾਕ ਡੇਹਲੋਂ-2 ਜਿਲਾ ਲੁਧਿਆਣਾ ਵਿਖੇ ਬਾਲ ਸੰਸਦ ਦਾ ਗਠਨ ਕਰਨ ਲਈ ਚੋਣ ਪ੍ਰਕਿਰਿਆ ਕਰਵਾਈ ਗਈ | ਜਿਸ ਵਿੱਚ ਵਿਦਿਆਰਥੀਆਂ ਵੱਲੋਂ ਬੜੀ ਰੁਚੀ ਅਤੇ ਉਤਸੁਕਤਾ ਨਾਲ ਭਾਗ ਲਿਆ ਗਿਆ | ਬਾਲ ਸੰਸਦ ਦੇ ਗਠਨ ਲਈ ਪਹਿਲਾਂ ਵਿਦਿਆਰਥੀਆਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ, ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਉਮੀਦਵਾਰਾਂ ਦੁਆਰਾ ਚੋਣ ਪ੍ਰਚਾਰ ਕੀਤਾ ਗਿਆ | ਵੋਟਿੰਗ ਪ੍ਰਕਿਰਿਆ ਨੂੰ ਰੋਚਕ ਬਣਾਉਣ ਲਈ ਪੋਲਿੰਗ ਪਾਰਟੀ ਬਣਾਈ ਗਈ, ਜਿਸ ਅਧੀਨ ਚੋਣਾਂ ਦਾ ਕੰਮ ਸਫਲਤਾ ਪੂਰਨ ਸੰਪੰਨ ਹੋਇਆ | ਸਕੂਲੀ ਵਿਦਿਆਰਥੀਆਂ ਦੁਆਰਾ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਆਪਣੇ ਮਨ ਪਸੰਦ ਦੇ ਉਮੀਦਵਾਰਾਂ ਦੀ ਚੋਣ ਕੀਤੀ ਗਈ | ਵੋਟਿੰਗ ਪ੍ਰਕਿਰਿਆ ਦੌਰਾਨ ਸਕੂਲ ਮੁਖੀ ਸਟੇਟ ਅਵਾਰਡੀ ਨਵਜੋਤ ਸ਼ਰਮਾ ਦੁਆਰਾ ਵਿਦਿਆਰਥੀਆਂ ਨੂੰ ਵੋਟਿੰਗ ਪ੍ਰਕਿਰਿਆ ਦੇ ਵੱਖ ਵੱਖ ਪਹਿਲੂਆਂ ਬਾਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਗਈ | ਜੇਤੂ ਉਮੀਦਵਾਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਕੇ ਸਕੂਲ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ | ਸਕੂਲੀ ਵਿਦਿਆਰਥੀਆਂ ਦੁਆਰਾ ਬਾਲ ਸੰਸਦ ਦੀ ਚੋਣ ਸਬੰਧੀ ਵੋਟਿੰਗ ਪ੍ਰਕਿਰਿਆ ਵਿੱਚ ਨਿਭਾਈਆਂ ਵੱਖ ਵੱਖ ਜ਼ਿੰਮੇਵਾਰੀਆਂ ਸਦਕਾ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਦੀਆਂ ਬਾਰੀਕੀਆਂ ਬਾਰੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ | ਇਸ ਕਾਰਜ ਲਈ ਮਾ. ਗੁਰਮਿੰਦਰਜੀਤ ਸਿੰਘ ਨੇ ਵੀ ਬਹੁਤ ਸਹਿਯੋਗ ਦਿੱਤਾ |