ਮਾਛੀਵਾੜਾ ਸਾਹਿਬ, 13 ਮਈ (ਰਾਜਦੀਪ ਸਿੰਘ ਅਲਬੇਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੀ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵੁਮੈਨ ਝਾੜ ਸਾਹਿਬ ਲੜਕੀਆਂ ਦੇ ਸਰਵਪੱਖੀ ਵਿਕਾਸ ਤੇ ਰੌਸ਼ਨ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਹੈ | ਇਹ ਪ੍ਰਗਟਾਵਾ ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਕੀਤਾ | ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਕਾਲਜ ਹੈ ਜਿਹੜਾ ਵੱਖ-ਵੱਖ ਪ੍ਰਾਪਤੀਆਂ ਦੇ ਨਾਲ-ਨਾਲ ਅਨੁਸ਼ਾਸਨ ਅਤੇ ਅਨੁਸ਼ਾਸਨੀ ਪ੍ਰਬੰਧਾਂ ਲਈ ਵੀ ਜਾਣਿਆਂ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਾਲ 1975 'ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਚਰਨ-ਛੋਹ ਪ੍ਰਾਪਤ ਧਰਤੀ ਝਾੜ ਸਾਹਿਬ ਵਿਖੇ ਇਲਾਕੇ ਦੇ ਕੁੱਝ ਅਗਾਂਹਵਧੂ ਸੱਜਣਾਂ ਵਲੋਂ ਸਾਂਝੇ ਯਤਨਾਂ ਨਾਲ ਇਹ ਕਾਲਜ ਖੋਲਿ੍ਹਆ ਗਿਆ ਸੀ ਅਤੇ 9 ਅਪ੍ਰੈਲ 2003 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋ ਗਿਆ | ਦਸਮ ਪਿਤਾ ਦੇ ਨਾਂਅ 'ਤੇ ਕਾਰਜਸ਼ੀਲ ਇਹ ਕਾਲਜ ਇਲਾਕੇ ਦੀਆਂ ਬੱਚੀਆਂ ਨੂੰ ਸਿੱਖਿਆ ਪ੍ਰਦਾਨ ਕਰਦਾ ਆ ਰਿਹਾ ਹੈ ਅਤੇ ਇਤਿਹਾਸ ਨਾਲ ਜੋੜ ਰਿਹਾ ਹੈ | ਪਿ੍ੰਸੀਪਲ ਨੇ ਦੱਸਿਆ ਕਿ ਕਾਲਜ 'ਚ ਇਸ ਸਮੇਂ ਗਰੈਜੂਏਸ਼ਨ ਪੱਧਰ 'ਤੇ 12 ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਨਾਲ ਹੀ 10+1, 10+2 (ਮੈਡੀਕਲ, ਨਾਨ-ਮੈਡੀਕਲ, ਆਰਟਸ ਤੇ ਕਾਮਰਸ), ਬੀ. ਸੀ. ਏ., ਬੀ. ਕਾਮ., ਬੀ. ਐੈੱਸ. ਸੀ.(ਐੈੱਫ. ਡੀ.), ਪੀ. ਜੀ. ਡੀ. ਸੀ. ਏ., ਪੀ. ਜੀ. ਡੀ. ਐੈੱਫ. ਡੀ., ਐੈੱਮ. ਏ.(ਪੰਜਾਬੀ), ਐੈੱਮ. ਐੈੱਸ. ਸੀ. (ਆਈ. ਟੀ.), ਬੀ. ਲਿਬ ਕੋਰਸ ਚੱਲ ਰਹੇ ਹਨ | ਅਦਾਰੇ ਨੂੰ ਬੁਲੰਦੀਆਂ 'ਤੇ ਲਿਆਉਣ ਲਈ ਕਾਲਜ ਦਾ ਸਮੂਹ ਸਟਾਫ਼ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ | ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਕਾਲਜ ਵਿਦਿਆਰਥਣਾਂ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਧਾਰਮਿਕ ਤੇ ਹੋਰ ਸਭਿਆਚਾਰਕ ਗਤੀਵਿਧੀਆਂ 'ਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ |