ਡੇਹਲੋਂ, 25 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵਲੋਂ ਕਰਵਾਏ ਜਾ ਰਹੇ 16ਵੇਂ ਜੇ. ਐੱਸ. ਟੀ. ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਛੇਵੇਂ ਦਿਨ ਜਿੱਥੇ ਸੀਨੀਅਰ ਵਰਗ 'ਚ ਜਰਖੜ ਹਾਕੀ ਅਕੈਡਮੀ ਅਤੇ ਅਮਰਗੜ੍ਹ ਹਾਕੀ ਸੈਂਟਰ ਨੇ ਆਪੋ ਆਪਣੇ ਮੈਚ ਜਿੱਤ ਕੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ, ਉੱਥੇ ਜੂਨੀਅਰ ਵਰਗ 'ਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਜਰਖੜ ਹਾਕੀ ਅਕੈਡਮੀ ਨੇ ਵੀ ਜਿੱਤਾਂ ਹਾਸਿਲ ਕਰਦਿਆਂ ਆਪਣੇ ਜੇਤੂ ਕਦਮ ਅੱਗੇ ਵਧਾਏ | ਸੀਨੀਅਰ ਵਰਗ ਜਰਖੜ ਹਾਕੀ ਅਕੈਡਮੀ ਨੇ ਆਪਣੇ ਆਖ਼ਰੀ ਲੀਗ ਵਿਚ ਬਾਬਾ ਲੁਧਿਆਣਾ ਸਪੋਰਟਸ ਕਲੱਬ 6-3 ਗੋਲਾਂ ਨਾਲ ਹਰਾਇਆ | ਇਸ ਮੈਚ 'ਚ ਪ੍ਰਗਟ ਅਤੇ ਮਾਣਵਦੀਪ ਪਿਉ ਪੁੱਤ ਦੀ ਜੋੜੀ ਸ਼ਾਈ ਰਹੀ, ਸਾਰੇ ਗੋਲ ਪਿਉ ਪੁੱਤਾਂ ਨੇ ਹੀ ਕੀਤੇ | ਜਰਖੜ ਅਕੈਡਮੀ ਨੇ ਇਸ ਜਿੱਤ ਨਾਲ ਕੁੱਲ 10 ਅੰਕ ਹਾਸਿਲ ਕਰ ਕੇ ਦੂਸਰਾ ਸਥਾਨ ਹਾਸਿਲ ਕੀਤਾ | ਦੂਜੇ ਲੀਗ ਮੈਚ ਵਿਚ ਅਮਰਗੜ੍ਹ ਹਾਕੀ ਸੈਂਟਰ ਨੇ ਸੰਤ ਬਾਬਾ ਗੁਲਾਬ ਸਿੰਘ ਕਲੱਬ ਘੋਲੀਆ ਖ਼ੁਰਦ ਮੋਗਾ ਨੂੰ 5-3 ਨਾਲ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ | ਜੂਨੀਅਰ ਵਰਗ ਦੇ ਹਾਕੀ ਮੁਕਾਬਲਿਆਂ ਵਿਚ ਕਿਲ੍ਹਾ ਰਾਏਪੁਰ ਹਾਕੀ ਸੈਂਟਰ ਨੇ ਨਨਕਾਣਾ ਸਾਹਿਬ ਛੰਨਾ ਅਮਰਗੜ੍ਹ ਹਾਕੀ ਸੈਂਟਰ ਨੂੰ 6-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ | ਇਸ ਤੋਂ ਇਲਾਵਾ ਜਰਖੜ ਹਾਕੀ ਅਕੈਡਮੀ ਨੇ ਘਵੱਦੀ ਹਾਕੀ ਸੈਂਟਰ ਨੂੰ 4-1 ਨਾਲ ਹਰਾ ਕੇ ਕਵਾਟਰ ਫਾਈਨਲ ਆਪਣਾ ਦਾਖਲਾ ਪਾਇਆ | ਇਸ ਮੌਕੇ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਗੁਰਪ੍ਰਤਾਪ ਸਿੰਘ ਬਿੰਨੀ ਲੁਧਿਆਣਾ, ਸੰਜੇ ਕੁਮਾਰ ਲੁਧਿਆਣਾ, ਗੋਲ ਕੀਪਰ ਹਰਜੀਤ ਸਿੰਘ ਮੋਗਾ, ਮਨਜਿੰਦਰ ਸਿੰਘ ਅਕਾਲਗੜ੍ਹ, ਮਨਦੀਪ ਸਿੰਘ ਸੈਂਡੀ ਅਮਰਗੜ੍ਹ ਨੂੰ ਉਨ੍ਹਾਂ ਦੇ ਹਾਕੀ ਕੈਰੀਅਰ ਦੀਆਂ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ | ਇਸ ਮੌਕੇ ਭੁਪਿੰਦਰ ਸਿੰਘ ਰੱਤੀਆਂ ਹਰਿਆਣਾ ਸਾਬਕਾ ਕੌਮੀ ਅਥਲੀਟ, ਅਮਰੀਕ ਸਿੰਘ ਮਿਨਹਾਸ, ਅਜੀਤ ਸਿੰਘ ਲਾਦੀਆਂ ਨੇ ਵੱਖ-ਵੱਖ ਮੈਚਾਂ ਦੌਰਾਨ ਟੀਮਾਂ ਦੇ ਨਾਲ ਮੁੱਖ ਮਹਿਮਾਨ ਵਜੋਂ ਜਾਣ ਪਹਿਚਾਣ ਕੀਤੀ | ਇਸ ਮੌਕੇ ਗੁਰਦੀਪ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਬਾਬਾ ਰੁਲਦਾ ਸਿੰਘ ਸਾਇਆਂ ਕਲਾਂ, ਬਾਬਾ ਗੁਰਬਖ਼ਸ਼ ਸਿੰਘ ਘਵੱਦੀ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪ੍ਰਗਟ, ਕੁਲਦੀਪ ਸਿੰਘ ਘਵੱਦੀ, ਗੁਰਤੇਜ ਸਿੰਘ ਲਾਡੀ ਸੁਧਾਰ, ਬੂਟਾ ਸਿੰਘ ਸਿੱਧੂ ਦੋਰਾਹਾ, ਦਲਵੀਰ ਸਿੰਘ ਜਰਖੜ, ਪਵਨਪ੍ਰੀਤ ਸਿੰਘ ਡੰਗੋਰਾ, ਅਜੀਤਪਾਲ ਸਿੰਘ ਨਾਰੰਗਵਾਲ, ਗੁਰਵਿੰਦਰ ਸਿੰਘ ਗਰੇਵਾਲ, ਮਨਜੀਤ ਸਿੰਘ ਚਾਹਲ ਡੰਗੋਰਾ, ਰਘਵੀਰ ਸਿੰਘ ਡੰਗੋਰਾ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਸਮੇਂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦੇ ਅਗਲੇ ਗੇੜ ਦੇ ਕੁਆਰਟਰ ਫਾਈਨਲ ਮੁਕਾਬਲੇ 28 ਮਈ ਦਿਨ ਵੀਰਵਾਰ ਨੂੰ ਹੋਣਗੇ, ਜਿਸ ਵਿਚ ਸੀਨੀਅਰ ਵਰਗ ਦੌਰਾਨ ਪਹਿਲਾ ਮੁਕਾਬਲਾ ਮੇਜ਼ਬਾਨ ਅਕੈਡਮੀ ਜਰਖੜ ਬਨਾਮ ਸੰਤ ਗੁਲਾਬ ਸਿੰਘ ਕਲੱਬ ਘੋਲੀਆ ਖ਼ੁਰਦ ਮੋਗਾ ਵਿਚਕਾਰ ਸ਼ਾਮ 7 ਵਜੇ ਅਤੇ ਦੂਸਰਾ ਮੁਕਾਬਲਾ ਯੰਗ ਕਲੱਬ ਉਟਾਲਾਂ ਅਤੇ ਅਮਰਗੜ੍ਹ ਹਾਕੀ ਸੈਂਟਰ ਦੇ ਵਿਚਕਾਰ ਰਾਤ 8 ਵਜੇ ਖੇਡਿਆ ਜਾਵੇਗਾ | ਜੂਨੀਅਰ ਵਰਗ ਦਾ ਪਹਿਲਾ ਮੁਕਾਬਲਾ ਏਕ ਨੂਰ ਅਕੈਡਮੀ ਤੇਹਿੰਗ ਬਨਾਮ ਐੱਚ. ਟੀ. ਸੀ. ਰਾਮਪੁਰ ਵਿਚਕਾਰ 5 ਵਜੇ ਸ਼ਾਮ ਅਤੇ ਦੂਸਰਾ ਮੈਚ ਜਰਖੜ ਅਕੈਡਮੀ ਬਨਾਮ ਸੰਗਰੂਰ ਹਾਕੀ ਸੈਂਟਰ ਵਿਚਕਾਰ ਸ਼ਾਮ 6 ਵਜੇ ਖੇਡਿਆ ਜਾਵੇਗਾ |