ਮਾਛੀਵਾੜਾ ਸਾਹਿਬ, 28 ਮਈ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਦੇ ਸਮਾਜ ਸੇਵੀ ਤੇ ਆਨੰਦ'ਸ ਮੈਡੀਸਿਟੀ ਦੇ ਚੇਅਰਮੈਨ ਸ਼ਕਤੀ ਆਨੰਦ ਵਲੋਂ ਲੋਕਾਂ ਨੂੰ ਧਰਮ ਨਾਲ ਜੋੜਨ ਦਾ ਉਪਰਾਲਾ ਕਰਦਿਆਂ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਸੰਗਤ ਨੂੰ ਧਾਰਮਿਕ ਪੁਸਤਕਾਂ ਭੇਟ ਕੀਤੀਆਂ ਗਈਆਂ | ਸਮਾਜ ਸੇਵੀ ਸ਼ਕਤੀ ਆਨੰਦ ਨੇ ਦੱਸਿਆ ਕਿ ਕੈਨੇਡਾ ਦੀ ਸੰਸਥਾ 'ਗੁਰੂ ਨਾਨਕ ਫਾਉਂਡੇਸ਼ਨ ਆਫ਼ ਹਿਉਮੈਨਿਟੀ ਆਲ ਇਜ ਵਨ' ਵਲੋਂ ਗੁਰੂ ਸਾਹਿਬਾਨਾਂ ਦੇ ਇਤਿਹਾਸ ਤੇ ਬਾਣੀ ਨਾਲ ਸਬੰਧਿਤ ਇਹ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਭੇਜੀਆਂ ਗਈਆਂ ਹਨ ਅਤੇ ਮਾਛੀਵਾੜਾ ਇਲਾਕੇ ਵਿਚ ਉਨ੍ਹਾਂ ਨੂੰ ਸੰਗਤ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਧਾਰਮਿਕ ਪੁਸਤਕਾਂ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਗੁਰੂ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੇ ਸਲੋਕ, 5 ਬਾਣੀਆਂ ਦਾ ਪਾਠ ਆਦਿ ਸ਼ਾਮਲ ਹਨ ਜੋ ਕਿ ਅੱਜ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਤਰ ਹੋਈ ਸੰਗਤ ਨੂੰ ਭੇਂਟ ਕੀਤੀਆਂ | ਸ਼ਕਤੀ ਆਨੰਦ ਨੇ ਕਿਹਾ ਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਸੰਗਤ ਨੂੰ ਧਰਮ ਤੇ ਬਾਣੀ ਨਾਲ ਜੋੜਿਆ ਜਾਵੇ ਅਤੇ ਬੱਚਿਆਂ ਨੂੰ ਇਨ੍ਹਾਂ ਧਾਰਮਿਕ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਹੋਵੇਗੀ | ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਧੀਰਾ ਵੀ ਹਾਜ਼ਰ ਸਨ |