ਮਲੌਦ, 28 ਮਈ (ਸਹਾਰਨ ਮਾਜਰਾ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਮਿਸ਼ਨ ਦੇ ਸਹਿਯੋਗ ਨਾਲ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਵਾਲਿਆਂ ਦੀ ਦੇਖ ਰੇਖ ਹੇਠ ਅੰਦਰਲਾ ਗੁਰਦੁਆਰਾ ਸਾਹਿਬ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ 19ਵੇਂ ਸਾਲਾਨਾ ਗੁਰਮਤਿ ਸਮਾਗਮ ਅੱਜ ਤੋਂ ਸ਼ੁਰੂ ਹੋ ਗਏ ਹਨ ਜਿਨ੍ਹਾਂ ਦੀ ਸਮਾਪਤੀ 30 ਮਈ ਨੂੰ ਹੋਵੇਗੀ | ਸਮਾਗਮ ਦੇ ਪ੍ਰਬੰਧਕ ਭਾਈ ਗੁਰਪ੍ਰੀਤ ਸਿੰਘ ਰਾਮਗੜ੍ਹ ਸਰਦਾਰਾਂ ਨੇ ਦੱਸਿਆ ਕਿ ਇਸ ਮੌਕੇ ਲੜੀਵਾਰ ਪਾਠਾਂ ਦੇ ਭੋਗ ਪਾਏ ਜਾਣਗੇ | ਰੋਜ਼ਾਨਾ ਸ਼ਾਮ 7 ਵਜੇ ਤੋਂ 10 ਵਜੇ ਤੱਕ ਸੰਤ ਬਾਬਾ ਸਰਬਜੋਤ ਸਿੰਘ ਡਾਂਗੋ ਅਤੇ ਹੋਰ ਸੰਤ ਮਹਾਂਪੁਰਖਾਂ ਵਲੋਂ ਸੰਗਤਾਂ ਨੂੰ ਸ਼ਹੀਦਾਂ ਦੇ ਸਿਰਤਾਜ਼ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਲਸਾਨੀ ਇਤਿਹਾਸ ਬਾਰੇ ਚਾਨਣਾ ਪਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸਾਡੇ ਸਤਿਕਾਰਯੋਗ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ | ਜਿਨ੍ਹਾਂ ਦੇ ਦਿਨ ਮਨਾਉਣਾ ਹੀ ਕੇਵਲ ਸਾਡਾ ਫ਼ਰਜ਼ ਨਹੀਂ ਹੈ | ਸਗੋਂ ਉਨ੍ਹਾਂ ਵਲੋਂ ਜਿਸ ਮਹਾਨ ਕਾਰਜਾਂ ਲਈ ਸ਼ਹਾਦਤਾਂ ਦਿੱਤੀਆਂ ਹਨ | ਉਸ ਫ਼ਲਸਫ਼ੇ ਅਨੁਸਾਰ, ਉਨ੍ਹਾਂ ਦੀ ਸੋਚ ਅਨੁਸਾਰ ਜੀਵਨ ਬਣਾਉਣਾ ਚਾਹੀਦਾ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ 30 ਮਈ ਨੂੰ ਅਖੀਰਲੇ ਦਿਨ ਇਨ੍ਹਾਂ ਸਮਾਗਮਾਂ ਵਿਚ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਭਾਈ ਸਰਬਜੀਤ ਸਿੰਘ ਚੋਟੀਆਂ, ਭਾਈ ਅੰਮਿ੍ਤਪਾਲ ਸਿੰਘ ਅਤੇ ਭਾਈ ਚਰਨਪ੍ਰੀਤ ਸਿੰਘ ਤਿੰਨੇ ਪ੍ਰਚਾਰਕ ਸ਼੍ਰੋਮਣੀ ਕਮੇਟੀ, ਬਾਬਾ ਤਜੇਸ਼ਵਰ ਪ੍ਰਤਾਪ ਸਿੰਘ ਚੰਡੀਗੜ੍ਹ, ਭਾਈ ਅਮਰਜੀਤ ਸਿੰਘ ਮੰਗਲੀ, ਭਾਈ ਗੁਰਚਰਨ ਸਿੰਘ ਰੌਲੀ, ਬਾਬਾ ਬਲਜੀਤ ਸਿੰਘ ਫ਼ੱਕਰ ਅਤੇ ਬਾਬਾ ਗੁਰਮੇਲ ਸਿੰਘ ਨਾਨਕਸਰ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪੰਥਕ ਸਖਸ਼ੀਅਤਾਂ ਪੁੱਜਣਗੀਆਂ |