ਸਮਰਾਲਾ, 30 ਮਈ (ਕੁਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ 2 ਜੂਨ ਨੂੰ ਹਰੇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਨਾਲ ਸਬੰਧਿਤ ਕਿਸਾਨੀ ਮੰਗਾਂ ਸਬੰਧੀ ਮੰਗ-ਪੱਤਰ ਦੇਣਗੀਆਂ ਤਾਂ ਜੋ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਭੁੱਲ ਚੁੱਕੇ ਵਾਅਦਿਆਂ ਨੂੰ ਯਾਦ ਕਰ ਕੇ ਉਨ੍ਹਾਂ ਨੂੰ ਪੂਰਾ ਕਰੇ | ਇਸ ਦੀ ਤਿਆਰੀ ਸਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਬਲਾਕ ਸਮਰਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦੇ ਗ੍ਰਹਿ ਢੀਂਡਸਾ ਵਿਖੇ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਬੀ. ਕੇ. ਯੂ. ਲੱਖੋਵਾਲ ਨੇ ਮੰਗਾਂ ਸਬੰਧੀ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਸਥਾਈ ਮੈਂਬਰਸ਼ਿਪ ਬਹਾਲ ਕੀਤੀ ਜਾਵੇ, ਡੀਜ਼ਲ, ਪੈਟਰੋਲ, ਗੈਸ ਦੀਆਂ ਕੀਮਤਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ, ਯੂਰੀਆ-ਡੀ. ਏ. ਪੀ. ਖਾਦ ਦੀ ਸਪਲਾਈ ਯਕੀਨੀ ਬਣਾਈ ਜਾਵੇ, ਹੱਦ ਕਰਜ਼ੇ ਵਿਚ ਕੀਤਾ ਵਾਧਾ ਬਹਾਲ ਕਰ ਕੇ ਫ਼ੰਡ ਜਾਰੀ ਕੀਤਾ ਜਾਣ, ਅਮਰੀਕਾ ਨਾਲ ਕਰ-ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਕਿਸਾਨਾਂ ਦੀਆਂ ਫ਼ਸਲਾਂ ਦਾ ਮੁੱਲ ਸਵਾਮੀਨਾਥਨ ਰਿਪੋਰਟ ਮੁਤਾਬਿਕ ਤੈਅ ਕੀਤਾ ਜਾਵੇ, ਕਿਸਾਨ-ਮਜ਼ਦੂਰ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਾਗੂ ਕੀਤੀ ਜਾਵੇ, ਬਿਜਲੀ ਸੋਧ ਬਿੱਲ 2025 ਵਾਪਸ ਲਿਆ ਜਾਵੇ, ਫ਼ਸਲੀ ਬੀਮਾ ਕੀਤਾ ਜਾਵੇ, ਹੜ੍ਹਾਂ ਦੀ ਰੋਕਥਾਮ ਕੀਤੀ ਜਾਵੇ, ਨਵੀਂ ਖੇਤੀ ਨੀਤੀ ਖਰੜੇ ਨੂੰ ਸਰਕਾਰ ਰੱਦ ਕਰੇ, ਪਾਕਿਸਤਾਨ ਦਾ ਬਾਰਡਰ ਖ਼ੋਲ ਕੇ ਸੜਕੀ-ਰੇਲ ਵਪਾਰ ਸ਼ੁਰੂ ਕੀਤਾ ਜਾਵੇ, ਐੱਮ. ਐੱਸ. ਪੀ. ਕਾਨੂੰਨ ਬਣਾਇਆ ਜਾਵੇ ਆਦਿ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਸਬੰਧੀ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਬਲਾਕ ਪ੍ਰਧਾਨਾਂ ਅਤੇ ਹੋਰ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਕਿ ਹਰੇਕ ਬਲਾਕ ਵਿਚੋਂ ਕਿਸਾਨ-ਮਜ਼ਦੂਰ ਨਾਲ ਲੈ ਕੇ ਵੱਡੀ ਗਿਣਤੀ ਵਿਚ 2 ਜੂਨ ਨੂੰ ਲੁਧਿਆਣਾ ਵਿਖੇ ਪਹੁੰਚਣ | ਇਸ ਮੀਟਿੰਗ 'ਚ ਹਰਦੀਪ ਸਿੰਘ ਭਰਥਲਾ, ਹਰਪ੍ਰੀਤ ਸਿੰਘ ਗੜ੍ਹੀ, ਸੁਰਿੰਦਰ ਸਿੰਘ ਸਾਰੇ ਮੀਤ ਪ੍ਰਧਾਨ, ਦਲਜੀਤ ਸਿੰਘ ਜਨਰਲ ਸਕੱਤਰ, ਬਲਜਿੰਦਰ ਸਿੰਘ, ਬਹਾਦਰ ਸਿੰਘ, ਹਰਪਾਲ ਸਿੰਘ, ਮੇਜਰ ਸਿੰਘ ਮੀਤ ਪ੍ਰਧਾਨ, ਕਮਿੱਕਰ ਸਿੰਘ ਢੀਂਡਸਾ, ਕਸ਼ਮੀਰਾ ਸਿੰਘ, ਕੈਪਟਨ ਗੁਰਚਰਨ ਸਿੰਘ, ਨੰਬਰਦਾਰ ਦਲਜੀਤ ਸਿੰਘ ਆਦਿ ਤੋਂ ਇਲਾਵਾ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ |