ਡੇਹਲੋਂ, 30 ਮਈ (ਅੰਮਿ੍ਤਪਾਲ ਸਿੰਘ ਕੈਲੇ)-ਖੇਡ ਆਧਾਰਿਤ ਸਿੱਖਿਆ ਰਾਹੀਂ ਬੱਚਿਆਂ ਵਿਚ ਰੰਗਾਂ ਦੀ ਪਛਾਣ ਅਤੇ ਸੰਵੇਦਨਾਤਮਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਨਰਸਰੀ ਡਾਇਮੰਡ ਅਤੇ ਪਰਲ ਦੇ ਨੰਨੇ-ਮੁੰਨੇ ਵਿਦਿਆਰਥੀਆਂ ਵਲੋਂ 'ਬਲ਼ੂ ਐਂਡ ਯੈਲੋ ਡੇ' ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਨੀਲੇ ਅਤੇ ਪੀਲੇ ਰੰਗਾਂ ਦੇ ਸੁੰਦਰ ਪਹਿਰਾਵੇ ਪਹਿਨੇ |ਜਮਾਤਾਂ ਦੇ ਕਮਰਿਆਂ ਨੂੰ ਨੀਲੇ ਗ਼ੁਬਾਰਿਆਂ, ਪੀਲੇ ਸੂਰਜ ਦੀਆਂ ਸਜਾਵਟਾਂ, ਬੱਦਲਾਂ ਦੀਆਂ ਲਟਕਣਾਂ ਅਤੇ ਸਮੁੰਦਰ-ਥੀਮ ਵਾਲੇ ਬੁਲੇਟਿਨ ਬੋਰਡਾਂ ਨਾਲ ਆਕਰਸ਼ਕ ਢੰਗ ਨਾਲ ਸਜਾਇਆ ਗਿਆ | ਬੱਚਿਆਂ ਨੇ ਨੀਲੇ ਅਤੇ ਪੀਲੇ ਰੰਗ ਦੇ ਖਿਡੌਣਿਆਂ, ਫਲਾਂ, ਬੋਤਲਾਂ ਅਤੇ ਕਿਤਾਬਾਂ ਦੀ ਪਛਾਣ ਕੀਤੀ | ਨੰਨੇ੍ਹ ਬੱਚਿਆਂ ਨੇ ਪੀਲੇ ਕਾਗ਼ਜ਼ ਨਾਲ ਸੂਰਜ ਅਤੇ ਨੀਲੇ ਕਾਗ਼ਜ਼ ਨਾਲ ਬੱਦਲ ਬਣਾਉਣ ਦੀ ਰਚਨਾਤਮਿਕ ਗਤੀਵਿਧੀ ਵੀ ਕੀਤੀ | ਇਸ ਗਤੀਵਿਧੀ ਰਾਹੀਂ ਬੱਚਿਆਂ ਦੀ ਰੰਗ ਪਛਾਣ, ਵਸਤੂਆਂ ਨੂੰ ਵੱਖਰਾ ਕਰਨ ਦੀ ਸਮਰੱਥਾ ਅਤੇ ਸ਼ਬਦਾਵਲੀ ਵਿਚ ਵਾਧਾ ਹੋਇਆ | ਬੱਚਿਆਂ ਨੇ ਨੀਲੇ ਰੰਗ ਨੂੰ ਪਾਣੀ, ਅਸਮਾਨ ਅਤੇ ਸ਼ਾਂਤੀ ਨਾਲ, ਜਦਕਿ ਪੀਲੇ ਰੰਗ ਨੂੰ ਸੂਰਜ, ਫੁੱਲਾਂ ਅਤੇ ਖ਼ੁਸ਼ੀ ਨਾਲ ਜੋੜਿਆ | ਸਕੂਲ ਦੀ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਕਿਹਾ ਕਿ ਰੰਗ ਕੁਦਰਤ ਦੀ ਮੁਸਕਾਨ ਹਨ ਅਤੇ ਬਲ਼ੂ ਐਂਡ ਯੈਲੋ ਡੇ ਰਾਹੀਂ ਅਸੀਂ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆਂ ਨੂੰ ਸਮਝਣ ਵਿਚ ਮਦਦ ਕਰਦੇ ਹਾਂ | ਸਕੂਲ ਦੀ ਡਾਇਰੈਕਟਰ ਸੁਮਨ ਸੋਫਤ ਨੇ ਕਿਹਾ ਕਿ ਛੋਟੀ ਉਮਰ ਵਿਚ ਰੰਗਾਂ ਦੀ ਪਛਾਣ ਬੱਚਿਆਂ ਲਈ ਪੜ੍ਹਾਈ ਅਤੇ ਗਣਿਤ ਦੀ ਮਜ਼ਬੂਤ ਨੀਂਹ ਰੱਖਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਸਿੱਖਣ ਨੂੰ ਖ਼ੁਸ਼ੀ ਨਾਲ ਜੋੜਿਆ ਜਾਂਦਾ ਹੈ ਤਾਂ ਬੱਚੇ ਉਸ ਨੰੂ ਹਮੇਸ਼ਾ ਯਾਦ ਰੱਖਦੇ ਹਨ |