ਖੰਨਾ, 30 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੂੰ ਕਾਂਗਰਸ ਪਾਰਟੀ ਨੇ ਲੋਕਤੰਤਰ ਦਾ ਕਤਲ ਕਿਹਾ ਹੈ | ਅੱਜ ਸਾਬਕਾ ਮੰਤਰੀ ਗੁਰਕੀਰਤ ਸਿੰਘ ਵਲੋਂ ਆਮ ਆਦਮੀ ਪਾਰਟੀ ਤੇ ਦੋਸ਼ ਲਾਇਆ ਗਿਆ ਕਿ ਉਸ ਨੇ ਇਕ ਚੱਕਰਵਿਊ ਬਣਾ ਕੇ ਵਾਰਡਬੰਦੀ ਤੋਂ ਲੈ ਕੇ ਵੋਟਰ ਸੂਚੀਆਂ ਵਿਚ ਵੱਡੇ ਪੱਧਰ 'ਤੇ ਧਾਂਦਲੀਆਂ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਆਪਣੀਆਂ ਵੋਟਾਂ ਨਹੀਂ ਲੱਭ ਰਹੀਆਂ ਸਨ ਅਤੇ ਉਸ ਸਮੇਂ ਧਰਨੇ ਮੁਜ਼ਾਹਰੇ ਵੀ ਹੋਏ ਸਨ | ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਲੋਕਤੰਤਰ ਨੂੰ ਪੈਰਾਂ ਥੱਲੇ ਰੋਲ ਦਿੱਤਾ ਹੈ ਅਤੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋਈ | ਉਹ ਪਹਿਲੇ ਦਿਨ ਤੋਂ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਟੀਮ ਨੇ ਸਾਜ਼ਿਸ਼ ਰਚ ਕੇ ਅੰਜਾਮ ਦਿੱਤਾ | ਜਿਸ ਦਾ ਨਤੀਜਾ ਕੱਲ੍ਹ ਵੋਟਾਂ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਵਲੋਂ ਵੱਡੇ ਵੱਡੇ ਮਾਰਜਨ ਦਿਖਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਆਪ ਸਰਕਾਰ ਪਿਛਲੇ ਸਾਢੇ 4 ਸਾਲ ਤੋਂ ਲੋਕਾਂ ਵਿਚ ਫ਼ੇਲ੍ਹ ਸਾਬਤ ਹੋਈ ਹੈ ਅਤੇ ਜਿਹੜੀ ਪਾਰਟੀ ਦਾ ਕੋਈ ਰਿਪੋਰਟ ਕਾਰਡ ਨਾ ਹੋਵੇ ਅਤੇ ਨਾ ਹੀ ਕੋਈ ਵਿਕਾਸ ਕਾਰਜ ਹੋਇਆ ਹੋਵੇ, ਉਹ ਇਸ ਤਰਾਂ ਕਿਵੇਂ ਜਿੱਤ ਸਕਦੀ ਹੈ | ਕੋਟਲੀ ਨੇ ਕਿਹਾ ਕਿ ਇਹ ਸਾਰਾ ਮਾਮਲਾ ਵੋਟ ਚੋਰੀ ਦਾ ਹੈ | ਅਸਲ ਵਿਚ ਚੋਣਾਂ ਦੌਰਾਨ ਇਹ ਲੋਕਾਂ ਦਾ ਫ਼ਤਵਾ ਨਹੀਂ ਹੈ ਬਲਕਿ ਸਰਕਾਰੀ ਤੰਤਰ ਦਾ ਫ਼ਤਵਾ ਹੈ | ਇਸ ਸਰਕਾਰ ਤੋਂ ਸਾਨੂੰ ਕੋਈ ਇਨਸਾਫ਼ ਦੀ ਉਮੀਦ ਨਹੀਂ ਹੈ | ਆਉਣ ਨਵੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਨਗਰ ਕੌਂਸਲ ਵਿਚ ਹੋਈ ਧਾਂਦਲੀ ਦੀ ਜਾਂਚ ਲਈ ਜੁਡੀਸ਼ੀਅਲ ਕਮਿਸ਼ਨ ਬਣਨਾ ਚਾਹੀਦਾ ਹੈ, ਜੋ ਖ਼ੁਦਮੁਖ਼ਤਿਆਰ ਹੋਵੇ, ਜਿਹੜਾ ਸਾਰੇ ਪੰਜਾਬ ਵਿਚ ਚੋਣਾਂ ਦੌਰਾਨ ਹੋਈਆਂ ਧਾਂਦਲੀਆਂ ਵਿਚ ਕਿਹੜੇ ਕਿਹੜੇ ਅਫ਼ਸਰ ਸ਼ਾਮਿਲ ਸਨ ਅਤੇ ਦੋਸ਼ੀ ਅਫ਼ਸਰਾਂ ਨੂੰ ਸਜਾ ਦੇਵੇ ਤਾਂ ਜੋ ਕੌਂਸਲ ਚੋਣਾਂ ਵਿਚ ਹੋਈਆਂ ਧਾਂਦਲੀਆਂ ਲੋਕਾਂ ਸਾਹਮਣੇ ਆਵੇ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਅਪਣਾਏ ਰਵੱਈਏ ਖ਼ਾਸ ਕਰ ਕੇ ਡੀ. ਐੱਸ. ਪੀ. ਵਿਨੋਦ ਕੁਮਾਰ ਦਾ ਰਵੱਈਆ ਇਸ ਤਰਾਂ ਸੀ ਜਿਵੇਂ ਉਹ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੋਵੇ | ਉਸ ਨੇ ਪਹਿਲਾਂ ਬਲਾਕ ਸੰਮਤੀ, ਹੁਣ ਕੌਂਸਲ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਡਰਾਉਂਦੇ ਧਮਕਾਉਂਦੇ ਰਹੇ | ਉਨ੍ਹਾਂ ਕਿਹਾ ਕਿ ਉਹ ਗਿਣਤੀ ਸੈਂਟਰ ਤੋਂ ਕਾਫੀ ਦੂਰ ਬੈਠੇ ਸੀ | ਜਦਕਿ ਇਹ ਦਿਨ ਲੋਕਤੰਤਰ ਦਾ ਤਿਉਹਾਰ ਹੁੰਦਾ ਹੈ ਅਤੇ ਲੋਕ ਆਪਣੇ ਉਮੀਦਵਾਰ ਦੇ ਜਿੱਤਣ ਦੀ ਖ਼ੁਸ਼ੀ ਮਨਾਉਂਦੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਇਹ ਕਹਿ ਕੇ ਮਨਾ ਕੀਤਾ ਗਿਆ ਕਿ ਧਾਰਾ 144 ਲੱਗੀ ਹੋਈ ਹੈ, ਪਰ ਦੂਜੇ ਪਾਸੇ ਝਾੜੂ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਝੰਡੇ ਲੈ ਕੇ ਨਾਅਰੇ ਲਗਾ ਰਹੇ ਸੀ | ਉਨ੍ਹਾਂ ਕਿਹਾ ਕਿ ਵਾਰਡ ਨੰ. 9 ਤੋਂ ਕਾਂਗਰਸੀ ਉਮੀਦਵਾਰ ਕਿਰਨ ਬਾਲਾ ਨਾਗਪਾਲ ਦੇ ਜਿੱਤਣ ਤੋਂ ਬਾਅਦ ਕਈ ਵਾਰ ਦੁਬਾਰਾ ਗਿਣਤੀ ਕਰਵਾਈ ਗਈ, ਜਾਣਬੁੱਝ ਕੇ ਹਰਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਦੇ ਵਿਰੋਧ ਕਰ ਰਹੇ ਸਾਬਕਾ ਕੌਂਸਲਰ ਗੁਰਮੀਤ ਨਾਗਪਾਲ ਸ਼ਾਂਤੀ ਪੂਰਵਕ ਧਰਨਾ ਦੇ ਰਹੇ ਸਨ ਤਾਂ ਉਨ੍ਹਾਂ ਦੇ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਡੀ. ਐੱਸ. ਪੀ ਵਿਨੋਦ ਕੁਮਾਰ ਵਲੋਂ ਖ਼ੁਦ ਉਨ੍ਹਾਂ ਨਾਲ ਅਤੇ ਕਾਂਗਰਸੀ ਆਗੂਆਂ ਨਾਲ ਬਦਸਲੂਕੀ ਕੀਤੀ ਗਈ | ਜਿਸ ਸੰਬੰਧੀ ਉਹ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜਾ ਵੀ ਖੜਕਾਉਣਗੇ | ਉਨ੍ਹਾਂ ਕਿਹਾ ਕਿ ਵਾਰਡ ਨੰ. 23 ਵਿਚ ਰੇਲਵੇ ਰੋਡ ਸਥਿਤ ਸਰਕਾਰੀ ਸਕੂਲ ਵਿਚ ਬਣੇ ਬੂਥ ਵਿਚ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿਚ ਚੋਣ ਅਧਿਕਾਰੀ ਨਾਲ ਕੁੱਟਮਾਰ ਅਤੇ ਬਦਸਲੂਕੀ ਕੀਤੀ ਗਈ ਸੀ | ਉਹ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਮੁਹੱਈਆ ਕਰਵਾਈ ਜਾਵੇ | ਇਸ ਤੋਂ ਇਲਾਵਾ ਉਹ ਮੰਗ ਕਰਦੇ ਹਨ ਕਿ ਜੋ ਲੋਕ ਇਸ ਘਟਨਾ ਵਿਚ ਸ਼ਾਮਿਲ ਸਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਇਸ ਮੌਕੇ ਹਰਿੰਦਰ ਸਿੰਘ ਰਿੰਟਾ ਕਨੇਚ, ਸ਼ਮਿੰਦਰ ਸਿੰਘ ਮਿੰਟੂ, ਲਛਮਣ ਸਿੰਘ ਗਰੇਵਾਲ, ਅਮਿਤ ਕੁਮਾਰ ਤਿਵਾੜੀ, ਰਾਜਵੀਰ ਸ਼ਰਮਾ, ਸੁਸ਼ੀਲ ਕੁਮਾਰ ਸ਼ੀਲਾ, ਰਾਮ ਸਿੰਘ, ਕਾਕਾ ਰਣਵੀਰ ਸਿੰਘ, ਬੌਬੀ ਵਰਮਾ, ਸਤਨਾਮ ਸਿੰਘ ਆਦਿ ਹਾਜ਼ਰ ਸਨ |