ਮਾਛੀਵਾੜਾ ਸਾਹਿਬ, 5 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਨਗਰ ਕੌਂਸਲ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸਾਲ 2026-27 ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ | ਮੀਟਿੰਗ ਵਿਚ ਅਮਨਦੀਪ ਸਿੰਘ ਤਨੇਜਾ, ਸੁਰਿੰਦਰ ਕੁਮਾਰ ਛਿੰਦੀ, ਨੀਰਜ, ਪ੍ਰਕਾਸ਼ ਕੌਰ, ਕੁਲਵਿੰਦਰ ਕੌਰ, ਹਰਵਿੰਦਰ ਕੌਰ, ਰਵਿੰਦਰਜੀਤ ਕੌਰ, ਜਗਮੀਤ ਸਿੰਘ ਮੱਕੜ, ਰਸ਼ਮੀ ਜੈਨ, ਅਸ਼ੋਕ ਸੂਦ, ਪਰਮਜੀਤ ਕੌਰ (ਸਾਰੇ ਕੌਂਸਲਰ), ਢਾਡੀ ਨਿਰੰਜਨ ਸਿੰਘ ਨੂਰ, ਜਸਵੀਰ ਸਿੰਘ (ਭੱਟੀਆਂ ਵਾਲੇ) ਅਤੇ ਜਸਪਾਲ ਸਿੰਘ ਜੱਸੀ ਵੀ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਜਦੋਂ ਦਾ ਉਨ੍ਹਾਂ ਅਹੁਦਾ ਸੰਭਾਲਿਆ ਸੀ ਤਾਂ ਉਸ ਸਮੇਂ ਸਲਾਨਾ ਬਜਟ 5 ਕਰੋੜ ਸੀ, ਪਿਛਲੇ ਸਾਲ ਉਨ੍ਹਾਂ ਨੇ ਵਧਾ ਕੇ 7.10 ਕਰੋੜ ਕੀਤਾ ਅਤੇ ਹੁਣ ਸ਼ਹਿਰ ਦੇ ਹਿਤਾਂ ਨੂੰ ਦੇਖਦਿਆਂ ਵਧਾ ਕੇ 9.20 ਕਰੋੜ ਰੁਪਏ ਦਾ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਬਜਟ ਰਾਸ਼ੀ 'ਚੋਂ 4.50 ਕਰੋੜ ਰੁਪਏ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਦੀ ਦਿੱਖ ਨੂੰ ਸੁੰਦਰ ਬਣਾਉਣ ਅਤੇ ਵੱਖ-ਵੱਖ ਵਾਰਡਾਂ 'ਚ ਵਿਕਾਸ ਕਾਰਜਾਂ ਲਈ ਖਰਚੇ ਜਾਣਗੇ | ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਸੇਵਾ ਮੁਕਤੀ ਖਰਚੇ, ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਡੀ. ਏ. ਕਿਸ਼ਤਾਂ, ਛੇਵੇਂ ਪੇਅ ਕਮਿਸ਼ਨ ਦੇ ਬਕਾਏ 'ਤੇ 4.40 ਕਰੋੜ ਰੁਪਏ ਖ਼ਰਚ ਹੋਣ ਦੀ ਸੰਭਾਵਨਾ ਹੈ | ਅੱਜ ਨਗਰ ਕੌਂਸਲ ਦੀ ਮੀਟਿੰਗ ਵਿਚ 2 ਕਰੋੜ ਰੁਪਏ ਦੇ ਸ਼ਹਿਰ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਦੇ ਤਖ਼ਮੀਨੇ ਵੀ ਪਾਸ ਕੀਤੇ ਗਏ ਜਿਸ ਵਿਚ ਸਮਰਾਲਾ ਰੋਡ 'ਤੇ 65 ਲੱਖ ਰੁਪਏ ਦੀ ਲਾਗਤ ਵਾਲਾ ਇੱਕ ਨਵਾਂ ਯਾਦਗਾਰੀ ਗੇਟ ਵੀ ਉਸਾਰਿਆ ਜਾਵੇਗਾ | ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਮਾਛੀਵਾੜਾ ਨਗਰ ਕੌਂਸਲ ਦਾ ਜਦੋਂ ਉਨ੍ਹਾਂ ਅਹੁਦਾ ਸੰਭਾਲਿਆ ਤਾਂ ਸ਼ਹਿਰ ਵਿਚ ਇਮਾਰਤਾਂ ਦੇ ਨਕਸ਼ਿਆਂ ਤੋਂ ਸਲਾਨਾ ਆਮਦਨ 85 ਲੱਖ ਰੁਪਏ ਸੀ ਅਤੇ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਆਮਦਨ ਹੁਣ 2 ਕਰੋੜ 14 ਲੱਖ ਰੁਪਏ ਸਲਾਨਾ ਪਹੁੰਚ ਚੁੱਕੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਲੋਂ ਬਿਨਾਂ ਨਕਸ਼ਾ ਪਾਸ ਕਰਵਾਏ ਗੈਰਕਾਨੂੰਨੀ ਢੰਗ ਨਾਲ ਜੋ ਲੋਕ ਇਮਾਰਤਾਂ ਬਣਾ ਰਹੇ ਸਨ ਉਨ੍ਹਾਂ 'ਤੇ ਸਖ਼ਤੀ ਕੀਤੀ ਗਈ ਜਿਸ ਕਾਰਨ ਆਮਦਨ ਵਧੀ | ਉਨ੍ਹਾਂ ਕਿਹਾ ਕਿ ਸ਼ਹਿਰ ਨਿਵਾਸੀਆਂ ਦਾ ਟੈਕਸ ਵਜੋਂ ਇਕੱਤਰ ਕੀਤਾ ਪੈਸਾ ਇਤਿਹਾਸਕ ਨਗਰੀ ਨੂੰ ਸੁੰਦਰ ਬਣਾਉਣ 'ਤੇ ਖ਼ਰਚਿਆਂ ਜਾਵੇਗਾ | ਉਨ੍ਹਾਂ ਕਿਹਾ ਕਿ ਇਮਾਰਤੀ ਨਕਸ਼ਿਆਂ ਤੋਂ ਟੈਕਸ ਵਸੂਲਣ ਵਿਚ ਨਗਰ ਕੌਂਸਲ ਮਾਛੀਵਾੜਾ ਲੁਧਿਆਣਾ ਜ਼ਿਲੇ੍ਹ 'ਚੋਂ ਮੋਹਰੀ ਹੈ ਜਿਸ ਨੇ ਆਮਦਨ ਵਜੋਂ ਸਮਰਾਲਾ, ਦੋਰਾਹਾ, ਸਾਹਨੇਵਾਲ, ਪਾਇਲ, ਮਲੌਦ, ਜਗਰਾਉਂ, ਮੁੱਲਾਂਪੁਰ ਦਾਖਾ ਅਤੇ ਰਾਏਕੋਟ ਨੂੰ ਪਛਾੜ ਕੇ ਰੱਖ ਦਿੱਤਾ ਹੈ |