ਖੰਨਾ/ਜੌੜੇਪੁਲ ਜਰਗ, 6 ਜੂਨ (ਹਰਜਿੰਦਰ ਸਿੰਘ ਲਾਲ, ਪਾਲਾ ਰਾਜੇਵਾਲੀਆ)-ਨਿਸ਼ਕਾਮ ਸਮਾਜ ਸੇਵਕ, ਪਿੰਗਲਵਾੜਾ ਅੰਮਿ੍ਤਸਰ ਦੇ ਬਾਨੀ ਪਦਮ ਸ੍ਰੀ ਭਗਤ ਪੂਰਨ ਸਿੰਘ ਦੇ 122ਵੇਂ ਜਨਮ ਦਿਹਾੜੇ ਮੌਕੇ ਪਿੰਡ ਰਾਜੇਵਾਲ ਵਿਖੇ ਹੋਏ ਸਮਾਗਮਾਂ ਦੇ ਆਖ਼ਰੀ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਭਗਤ ਪੂਰਨ ਸਿੰਘ ਦੀ ਯਾਦ 'ਚ ਪਿੰਡ ਵਾਸੀਆਂ ਅਤੇ ਸੁਹਿਰਦ ਵਿਅਕਤੀਆਂ ਦਾ ਟਰੱਸਟ ਬਣਾਉਣ ਦੀ ਅਪੀਲ ਕੀਤੀ, ਤਾਂ ਮੌਕੇ 'ਤੇ ਹੀ ਸਾਬਕਾ ਮੰਤਰੀ ਤੇਜ਼ ਪ੍ਰਕਾਸ਼ ਸਿੰਘ ਕੋਟਲੀ ਨੇ 5 ਲੱਖ ਰੁਪਏ, ਐੱਮ.ਪੀ. ਫ਼ਰੀਦਕੋਟ ਸਰਬਜੀਤ ਸਿੰਘ ਨੇ 5 ਲੱਖ ਰੁਪਏ, ਵਿਧਾਇਕ ਪਾਇਲ ਮਨਵਿੰਦਰ ਸਿੰਘ ਗਿਆਸਪੁਰਾ ਨੇ 5 ਲੱਖ ਰੁਪਏ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਿੱਜੀ ਤੌਰ 'ਤੇ 1 ਲੱਖ 1 ਹਜ਼ਾਰ ਰੁਪਏ, ਖ਼ੁਦ ਬਲਬੀਰ ਸਿੰਘ ਰਾਜੇਵਾਲ ਨੇ 51 ਹਜ਼ਾਰ ਰੁਪਏ, ਤਰਲੋਚਨ ਸਿੰਘ ਬੈਨੀਪਾਲ ਨੇ 51 ਹਜ਼ਾਰ ਰੁਪਏ, ਪੱਤਰਕਾਰ ਪਾਲਾ ਰਾਜੇਵਾਲੀਆ ਨੇ 51 ਹਜ਼ਾਰ ਰੁਪਏ ਅਤੇ ਲਿਬੜਾ ਤੋਂ ਗੁਪਤ ਸਮਾਜ ਸੇਵੀ ਨੇ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜੇਕਰ ਅਗਲੀ ਵਾਰ ਸਾਡੀ ਸਰਕਾਰ ਬਣੀ ਤਾਂ 11 ਲੱਖ ਰੁਪਏ ਸਰਕਾਰ ਵਲੋਂ ਦੇਵਾਂਗਾ ਕਿਉਂਕਿ ਕਿਸੇ ਵੀ ਟਰੱਸਟ ਨੂੰ ਬਣਨ ਤੋਂ 1 ਸਾਲ ਬਾਅਦ ਹੀ ਸਰਕਾਰ ਆਰਥਿਕ ਸਹਾਇਤਾ ਦੇ ਸਕਦੀ ਹੈ | ਇਸ ਤਰ੍ਹਾਂ ਭਗਤ ਜੀ ਦੇ ਜਨਮ ਦਿਹਾੜੇ ਮੌਕੇ ਰਾਜਨੀਤਿਕ, ਸਮਾਜ ਸੇਵਕਾਂ ਅਤੇ ਹੋਰ ਪਤਵੰਤਿਆਂ ਵਲੋਂ ਸਾਢੇ 18 ਲੱਖ ਰੁਪਏ ਦਾ ਐਲਾਨ ਕੀਤਾ ਗਿਆ | ਬਲਬੀਰ ਸਿੰਘ ਰਾਜੇਵਾਲ ਨੇ ਭਗਤ ਪੂਰਨ ਸਿੰਘ ਨਾਲ ਬਿਤਾਏ ਪਲਾਂ ਦੀਆਂ ਅਣਗਿਣਤ ਯਾਦਾਂ ਸਾਂਝੀਆਂ ਕੀਤੀਆਂ |