ਸਮਰਾਲਾ, 6 ਜੂਨ (ਗੋਪਾਲ ਸੋਫਤ)-ਦੇਸ਼ ਭਰ ਵਿਚ ਚੱਲ ਰਹੀ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਵਿਚ ਘਰਾਂ ਦੇ ਬਲਾਕ ਨੂੰ ਸੂਚੀਬੱਧ ਕਰਨ ਦੇ ਕੰਮ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਵਾਲੇ ਗਿਣਤੀਕਾਰ ਅਤੇ ਸੁਪਰਵਾਈਜ਼ਰ ਨੂੰ ਪੰਜਾਬ ਵਿਚੋਂ ਦੂਜੇ ਅਤੇ ਲੁਧਿਆਣਾ ਵਿਚੋਂ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਸਥਾਨਕ ਤਹਿਸੀਲਦਾਰ ਵਲੋਂ ਸਨਮਾਨਿਤ ਕੀਤਾ ਗਿਆ ਹੈ | ਸੀਮਾ ਰਾਣੀ ਗਿਣਤੀਕਾਰ ਅਤੇ ਸੁਪਰਵਾਈਜ਼ਰ ਬਲਜਿੰਦਰ ਸਿੰਘ ਦੀ ਕੰਮ ਪ੍ਰਤੀ ਲਗਨ ਅਤੇ ਸਖ਼ਤ ਮਿਹਨਤ ਸਦਕਾ ਮਰਦਮਸ਼ੁਮਾਰੀ ਦੇ ਅਲਾਟ ਕੀਤੇ ਘਰਾਂ ਦੀ ਸੂਚੀਬੱਧਤਾ ਦੇ ਬਲਾਕ (ਐੱਚ. ਐੱਲ. ਬੀ.) ਦਾ ਕੰਮ ਨਿਸ਼ਚਿਤ ਸਮੇਂ ਤੋਂ ਪਹਿਲਾਂ ਮੁਕੰਮਲ ਕਰ ਕੇ ਪੰਜਾਬ ਭਰ ਵਿਚੋਂ ਦੂਜਾ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਇਸ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਵਿਸ਼ੇਸ਼ ਪ੍ਰਾਪਤੀ 'ਤੇ ਉਨ੍ਹਾਂ ਨੂੰ ਅੱਜ ਤਹਿਸੀਲ ਦਫ਼ਤਰ ਸਮਰਾਲਾ ਵਿਖੇ ਸਥਾਨਕ ਤਹਿਸੀਲਦਾਰ ਸੰਦੀਪ ਚੁੱਘ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ 'ਤੇ ਰਣਜੀਤ ਸਿੰਘ ਨਾਇਬ ਤਹਿਸੀਲਦਾਰ, ਜੰਗ ਸਿੰਘ, ਪੁਸ਼ਪਿੰਦਰ ਸਿੰਘ ਟੀ. ਏ. ਹਰਵਿੰਦਰ ਕੌਰ, ਜਸਲੀਨ ਕੌਰ ਅਤੇ ਸੁਪਰਵਾਈਜ਼ਰ ਬਲਜਿੰਦਰ ਸਿੰਘ ਆਦਿ ਵੀ ਮੌਜੂਦ ਸਨ |