ਰਾਏਕੋਟ, 7 ਜੂਨ (ਬਲਵਿੰਦਰ ਸਿੰਘ ਲਿੱਤਰ)-ਦੇਸ਼ ਭਰ 'ਚ ਵੱਧ ਰਹੀ ਬੇਰੁਜ਼ਗਾਰੀ ਅਤੇ ਨੌਜਵਾਨਾਂ ਵਿਚ ਪੈਦਾ ਹੋ ਰਹੀ ਨਿਰਾਸ਼ਾ ਦਰਮਿਆਨ ਉੱਭਰੀ 'ਕੋਕਰੋਚ ਜਨਤਾ ਪਾਰਟੀ' ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਦਿੱਲੀ ਪਹੁੰਚਣ ਨਾਲ ਨਵੀਂ ਸਿਆਸੀ ਚਰਚਾ ਛਿੜ ਗਈ ਹੈ | ਇਸ ਸੰਬੰਧੀ ਆਪਣਾ ਪ੍ਰਤੀਕਰਮ ਦਿੰਦਿਆਂ ਪ੍ਰਸਿੱਧ ਬੁੱਧੀਜੀਵੀ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ, ਸਾਬਕਾ ਸੰਸਦੀ ਸਕੱਤਰ ਅਤੇ ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖ਼ਾਲਸਾ ਨੇ ਪੰਜਾਬ ਸਰਕਾਰ ਸਮੇਤ ਦੇਸ਼ ਦੀਆਂ ਸਰਕਾਰਾਂ ਦੀਆਂ ਰੋਜ਼ਗਾਰ ਨੀਤੀਆਂ 'ਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅੱਜ ਪੜ੍ਹੇ-ਲਿਖੇ ਨੌਜਵਾਨਾਂ ਦੀ ਬੇਰੁਜ਼ਗਾਰੀ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਉਹ ਨਵੇਂ ਵਿਕਲਪਾਂ ਦੀ ਭਾਲ ਕਰਨ ਲਈ ਮਜ਼ਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਹਲਾਤ ਸਰਕਾਰਾਂ ਦੀਆਂ ਅਸਫ਼ਲ ਨੀਤੀਆਂ ਦਾ ਸਿੱਧਾ ਨਤੀਜਾ ਹਨ | ਜੰਤਰ-ਮੰਤਰ 'ਤੇ ਪ੍ਰਦਰਸ਼ਨ ਅਤੇ ਅਭਿਜੀਤ ਦੀਪਕੇ ਦਾ ਦਿੱਲੀ ਦੌਰਾ ਸੋਸ਼ਲ ਮੀਡੀਆ 'ਤੇ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ | ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਸਮੇਂ ਉਹ ਆਪਣੇ ਹੱਥ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਕਿਤਾਬ ਫੜ੍ਹੇ ਹੋਏ ਨਜ਼ਰ ਆਏ | ਉਨ੍ਹਾਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਹਵਾਈ ਅੱਡੇ 'ਤੇ ਭੀੜ ਇਕੱਠੀ ਨਾ ਕੀਤੀ ਜਾਵੇ ਤਾਂ ਜੋ ਸੁਰੱਖਿਆ ਪ੍ਰਬੰਧਾਂ ਤੇ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਇਸ ਦਰਮਿਆਨ ਪਾਰਟੀ ਨਾਲ ਜੁੜਿਆ ਇੱਕ ਹੋਰ ਵਿਵਾਦ ਵੀ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ 'ਕੋਕਰੋਚ ਜਨਤਾ ਪਾਰਟੀ' ਦਾ ਇੰਸਟਾਗ੍ਰਾਮ ਅਕਾਊਾਟ ਹੈਕ ਹੋ ਗਿਆ ਹੈ, ਜਿਸ ਨੂੰ ਲੱਖਾਂ ਲੋਕ ਫਾਲੋ ਕਰਦੇ ਸਨ | ਇਸ ਦੇ ਨਾਲ ਹੀ ਅਭਿਜੀਤ ਦੀਪਕੇ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਦਾਅਵਿਆਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ | ਇਸ ਘਟਨਾ ਨੇ ਡਿਜ਼ੀਟਲ ਸੁਰੱਖਿਆ, ਵਿਅਕਤੀ ਦੀ ਆਜ਼ਾਦੀ ਅਤੇ ਲੋਕਤੰਤਰਕ ਅਧਿਕਾਰਾਂ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ | ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਅਭਿਜੀਤ ਦੀਪਕੇ ਦੇ ਭਾਰਤ ਪਹੁੰਚਣ ਤੋਂ ਬਾਅਦ ਹਰ ਪਾਸੇ 'ਕੋਕਰੋਚ ਜਨਤਾ ਪਾਰਟੀ' ਦੀ ਚਰਚਾ ਹੋ ਰਹੀ ਹੈ, ਪਰ ਅਸਲ ਕਸੌਟੀ ਇਹ ਹੋਵੇਗੀ ਕਿ ਇਹ ਪਾਰਟੀ ਬੇਰੁਜ਼ਗਾਰ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਕਿਹੜੀ ਦਿਸ਼ਾ ਦਿੰਦੀ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਖੁੰਬਾਂ ਵਾਂਗ ਉੱਗਣ ਵਾਲੀਆਂ ਪਾਰਟੀਆਂ ਦੀ ਅਸਲ ਸਥਿਤੀ ਸਮੇਂ ਦੇ ਨਾਲ ਹੀ ਸਾਹਮਣੇ ਆਉਂਦੀ ਹੈ |