ਭੂੰਦੜੀ, 7 ਜੂਨ (ਕੁਲਦੀਪ ਸਿੰਘ ਮਾਨ)-ਠੇਕੇਦਾਰ ਸਰਬਜੀਤ ਸਿੰਘ ਦੇ ਪੁੱਤਰ ਲਵਪ੍ਰੀਤ ਸਿੰਘ (22) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਨਾਲ ਪਰਿਵਾਰ ਅਤੇ ਇਲਾਕੇ ਵਿਚ ਡੂੰਘੇ ਸ਼ੋਗ ਦੀ ਲਹਿਰ ਛਾ ਗਈ ਹੈ | ਲਵਪ੍ਰੀਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ | ਉਸ ਦੇ ਅਚਾਨਕ ਵਿਛੋੜੇ ਨੇ ਪਰਿਵਾਰ ਨੂੰ ਅਜਿਹਾ ਸਦਮਾ ਦਿੱਤਾ ਹੈ, ਜਿਸ ਦੀ ਭਰਪਾਈ ਕਰਨਾ ਬਹੁਤ ਮੁਸ਼ਕਿਲ ਹੈ | ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ | ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਅਤੇ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਦਰਸ਼ਨ ਸਿੰਘ ਬੀਰਮੀ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਲਵਪ੍ਰੀਤ ਸਿੰਘ ਦਾ ਇਸ ਤਰ੍ਹਾਂ ਅਚਾਨਕ ਤੁਰ ਜਾਣਾ ਬਹੁਤ ਹੀ ਦੁੱਖਦਾਈ ਘਟਨਾ ਹੈ | ਉਨ੍ਹਾਂ ਕਿਹਾ ਕਿ ਇਕ ਹੱਸਮੁੱਖ, ਮਿਲਣਸਾਰ ਅਤੇ ਹੋਣਹਾਰ ਨੌਜਵਾਨ ਦਾ ਵਿਛੋੜਾ ਨਾ ਸਿਰਫ਼ ਪਰਿਵਾਰ ਲਈ ਸਗੋਂ ਪੂਰੇ ਇਲਾਕੇ ਲਈ ਵੱਡਾ ਘਾਟਾ ਹੈ | ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ | ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਬਲਦੇਵ ਸਿੰਘ ਹਾਂਸ, ਸਵਰਨ ਸਿੰਘ ਬਿੱਲਾ, ਕੁਲਵੰਤ ਸਿੰਘ ਬਾਬਾ ਸੁੱਚਾ ਸਿੰਘ, ਪੰਚ ਬਲਰਾਜ ਸੋਨੀ, ਅਸ਼ੋਕ ਸਿੰਘ ਤੇ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |