ਖੰਨਾ, 13 ਜੂਨ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਸੂਬੇ ਭਰ 'ਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਸਾਕਾਰ ਨਤੀਜੇ ਸਰਕਾਰੀ ਹਸਪਤਾਲਾਂ ਵਿੱਚ ਸਪੱਸ਼ਟ ਤੌਰ 'ਤੇ ਨਜ਼ਰ ਆ ਰਹੇ ਹਨ | ਇਸ ਦੀ ਇੱਕ ਸ਼ਾਨਦਾਰ ਮਿਸਾਲ ਖੰਨਾ ਦੇ ਸਿਵਲ ਹਸਪਤਾਲ ਦੀ ਬਣ ਕੇ ਸਾਹਮਣੇ ਆਈ ਹੈ, ਜਿੱਥੇ ਸੀਨੀਅਰ ਮੈਡੀਕਲ ਅਫਸਰ (ਐੱਸ. ਐੱਮ. ਓ) ਡਾ. ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠ ਦੂਰਬੀਨ (ਲੈਪ੍ਰੋਸਕੋਪਿਕ) ਸਰਜਰੀਆਂ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਦਰਜ ਕੀਤੀ ਗਈ ਹੈ | ਡਾ. ਮਨਿੰਦਰ ਭਸੀਨ ਵਲੋਂ ਖੁਦ ਹੁਣ ਤੱਕ 300 ਤੋਂ ਵੱਧ ਸਫਲ ਦੂਰਬੀਨ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਨਾ ਸਿਰਫ਼ ਸੈਂਕੜਿਆਂ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਮਿਲਿਆ ਹੈ, ਸਗੋਂ ਸਰਕਾਰੀ ਸਿਹਤ ਪ੍ਰਣਾਲੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਵੀ ਹੋਰ ਮਜ਼ਬੂਤ ਹੋਇਆ ਹੈ | ਇਹ ਆਪ੍ਰੇਸ਼ਨ 1 ਜਨਵਰੀ 2025 ਤੋਂ ਲੈ ਕੇ 23 ਜੂਨ 2026 ਤੱਕ ਕੀਤੇ ਗਏ ਹਨ | ਦੂਰਬੀਨ ਸਰਜਰੀ ਆਧੁਨਿਕ ਮੈਡੀਕਲ ਵਿਗਿਆਨ ਦੀ ਇੱਕ ਅਜਿਹੀ ਤਕਨੀਕ ਹੈ ਜਿਸ 'ਚ ਛੋਟੇ ਚੀਰਾਂ ਰਾਹੀਂ ਆਪ੍ਰੇਸ਼ਨ ਕੀਤਾ ਜਾਂਦਾ ਹੈ | ਇਸ ਨਾਲ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ, ਖੂਨ ਦੀ ਕਮੀ ਘੱਟ ਹੁੰਦੀ ਹੈ ਅਤੇ ਮਰੀਜ਼ ਜਲਦੀ ਸਿਹਤਯਾਬ ਹੋ ਜਾਂਦਾ ਹੈ | ਆਮ ਤੌਰ 'ਤੇ ਨਿੱਜੀ ਹਸਪਤਾਲਾਂ ਵਿੱਚ ਇਸ ਤਰ੍ਹਾਂ ਦੀ ਸਰਜਰੀ 'ਤੇ ਹਜ਼ਾਰਾਂ ਰੁਪਏ ਖ਼ਰਚ ਕਰਨੇ ਪੈਂਦੇ ਹਨ, ਪਰ ਖੰਨਾ ਦੇ ਸਿਵਲ ਹਸਪਤਾਲ 'ਚ ਇਹ ਸੇਵਾ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ | ਜਾਣਕਾਰੀ ਅਨੁਸਾਰ, ਜੇਕਰ ਇਹ 300 ਤੋਂ ਵੱਧ ਦੂਰਬੀਨ ਸਰਜਰੀਆਂ ਨਿੱਜੀ ਹਸਪਤਾਲਾਂ ਵਿੱਚ ਕਰਵਾਈਆਂ ਜਾਂਦੀਆਂ ਤਾਂ ਮਰੀਜ਼ਾਂ ਨੂੰ ਕਰੀਬ 1 ਕਰੋੜ 35 ਲੱਖ ਰੁਪਏ ਤੱਕ ਦਾ ਖਰਚਾ ਝੱਲਣਾ ਪੈਣਾ ਸੀ | ਪਰ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਸਿਹਤ ਨੀਤੀਆਂ ਅਤੇ ਆਯੁਸ਼ਮਾਨ ਭਾਰਤ ਸਕੀਮ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਇਹ ਸਾਰਾ ਇਲਾਜ ਮਰੀਜ਼ਾਂ ਨੂੰ ਬਿਲਕੁੱਲ ਮੁਫ਼ਤ ਉਪਲਬਧ ਕਰਵਾਇਆ ਗਿਆ | ਇਸ ਨਾਲ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ | ਇਸ ਮੌਕੇ ਡਾ. ਮਨਿੰਦਰ ਸਿੰਘ ਭਸੀਨ ਨੇ ਕਿਹਾ ਕਿ ਇਹ ਉਪਲਬਧੀ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਡਾਕਟਰ ਰਾਘਵ ਅਗਰਵਾਲ, ਡਾਕਟਰ ਸ਼ੇਫਾਲੀ, ਡਾਕਟਰ ਨਵਨੀਤ ਕੌਰ, ਡਾਕਟਰ ਏਰਾਜੋਤ, ਡਾਕਟਰ ਅੰਮਿ੍ਤਪਾਲ ਕੌਰ, ਡਾਕਟਰ ਰਜਤ ਆਦਿ ਹਾਜ਼ਰ ਸਨ |