ਅਹਿਮਦਗੜ੍ਹ, 13 ਜੂਨ (ਰਵਿੰਦਰ ਪੁਰੀ)-ਰਾਈਸ ਮਿਲਰਜ਼ ਐਸੋ: ਅਹਿਮਦਗੜ੍ਹ ਦੇ ਪ੍ਰਧਾਨ ਸ਼ੇਰੂ ਝਨੇਰੀਆ ਨੇ ਦੱਸਿਆ ਕਿ ਬੀਤੇ ਦਿਨ ਬਾਰਡਰ ਏਰੀਏ ਵਿਚ ਆਈ ਤੇਜ਼ ਹਨੇਰੀ ਤੇ ਤੂਫ਼ਾਨ ਨੇ ਰਾਈਸ ਮਿੱਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਬਾਰਡਰ ਏਰੀਏ ਵਿਚ ਤਰਨਤਾਰਨ ਅੰਦਰਲੇ ਇਲਾਕੇ ਵਿਚ ਅਹਿਮਦਗੜ੍ਹ ਦੇ ਕਈ ਰਾਈਸ ਮਿਲਰਜ਼ ਨੇ ਸ਼ੈਲਰ ਲਗਾਏ ਹਨ, ਜਿਨ੍ਹਾਂ ਦਾ ਇਸ ਵਾਰ ਕਾਫੀ ਨੁਕਸਾਨ ਹੋ ਗਿਆ | ਪਰ ਪਿੰਡ ਸੱਬਰਾ ਤਹਿਸੀਲ ਪੱਟੀ ਵਿਖੇ ਸਥਿਤ ਜੈ ਸ਼੍ਰੀ ਰਾਮ ਫੂਡਜ਼ ਦੇ ਨਾਮ ਹੇਠ ਚਲਦੇ ਰਾਈਸ ਸ਼ੈਲਰ ਦਾ ਬਹੁਤ ਨੁਕਸਾਨ ਹੋ ਗਿਆ, ਜਿਸ ਦੇ ਸੈਂਡ ਅਤੇ ਮਸ਼ੀਨਰੀ ਬੁਰੀ ਤਰ੍ਹਾਂ ਨੁਕਸਾਨੇ ਗਏ | ਇਸ ਦੇ ਨਾਲ ਹੀ ਗੋਇਲ ਫੂਡਜ਼ ਘਲੋਟੀ ਤਹਿਸੀਲ ਪਾਇਲ (ਲੁਧਿਆਣਾ) ਵਿਖੇ ਰਾਈਸ ਮਿਲ ਦਾ ਵੀ ਭਾਰੀ ਨੁਕਸਾਨ ਹੋ ਗਿਆ, ਜਿਸ ਦੀਆਂ ਕਈ ਦੀਵਾਰਾਂ ਤੇਜ਼ ਹਨੇਰੀ ਕਾਰਨ ਡਿਗ ਗਈਆਂ |