ਸਾਹਨੇਵਾਲ, 30 ਜੂਨ (ਹਨੀ ਚਾਠਲੀ)-ਨਗਰ ਕੌਂਸਲ ਦੇ ਅਧੀਨ ਆਉਂਦੇ ਵਾਰਡ ਨੰ. 5 ਦੇ ਇਕ ਮੁਹੱਲੇ ’ਚ ਬਿਜਲੀ ਦੀ ਕਿੱਲਤ ਅਤੇ ਵੋਲਟੇਜ ਦੀ ਘਟਦੀ ਵਧਦੀ ਸਮੱਸਿਆ ਤੋਂ ਲੋਕ ਬਹੁਤ ਪ੍ਰੇਸ਼ਾਨ ਸਨ ਤੇ ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਇਸ ਸਮੱਸਿਆ ਸਬੰਧੀ ਸਾਹਨੇਵਾਲ ਦੇ ਵਾਰਡ ਨੰ. 5 ਤੋ ‘ਆਪ’ ਦੇ ਇੰਚਾਰਜ ਧਰਮਿੰਦਰ ਕੁਮਾਰ ਕਾਲੀ ਤੇ ਯੂਥ ਵਿੰਗ ਦੇ ਬਲਾਕ ਕੋਆਰਡੀਨੇਟਰ ਦੀਪਕ ਦੀਨੂੰ ਨਾਲ ਸੰਪਰਕ ਕਰਕੇ ਬਿਜਲੀ ਦੀ ਆ ਰਹੀ ਸਮੱਸਿਆ ਸਬੰਧੀ ਜਾਣੂ ਕਰਵਾਇਆ ਗਿਆ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਧਰਮਿੰਦਰ ਕੁਮਾਰ ਕਾਲੀ ਨੇ ਦੱਸਿਆ ਕਿ ਸੀਨੀਅਰ ਆਪ ਆਗੂ ਮਨਜਿੰਦਰ ਸਿੰਘ ਭੋਲਾ ਮਾਂਗਟ ਨੂੰ ਨਾਲ ਲੈ ਕੇ ਪਾਵਰਕਾਮ ਦੇ ਉਚ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕਰਕੇ ਬਿਜਲੀ ਦੀ ਆ ਰਹੀ ਸਮੱਸਿਆ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਪਾਵਰਕਾਮ ਦੇ ਉਚ ਅਧਿਕਾਰੀਆਂ ਵਲੋਂ ਤੁਰੰਤ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਹਦਾਇਤ ਜਾਰੀ ਕਰਕੇ ਬਿਜਲੀ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਤਾਂ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਬਿਜਲੀ ਦੀ ਨਵੀਂ ਤਾਰ ਪਾ ਕੇ ਮੁਹੱਲਾ ਵਾਸੀਆਂ ਨੂੰ ਨਿੱਤ ਦੀ ਆ ਰਹੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਗਈ। ਜਿਸ ’ਤੇ ਧਰਮਿੰਦਰ ਕਾਲੀ ਨੇ ਮਨਜਿੰਦਰ ਸਿੰਘ ਭੋਲਾ ਮਾਂਗਟ ਅਤੇ ਪਾਵਰਕਾਮ ਦੇ ਉਚ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਇਲਾਕੇ ਵਿੱਚ ਬਿਜਲੀ ਦੀ ਆ ਰਹੀ ਨਿੱਤ ਦੀ ਪ੍ਰੇਸ਼ਾਨੀ ਤੋਂ ਰਾਹਤ ਦਿਵਾਈ ਹੈ। ਕਾਲੀ ਨੇ ਕਿਹਾ ਕਿ ਜੋ ਪਹਿਲਾ ਬਿਜਲੀ ਦੀ ਤਾਰ ਪਾਈ ਹੋਈ ਸੀ ਉਹ 16 ਐਮ. ਐਮ. ਦੀ ਸੀ ਤੇ ਹੁਣ ਜੋ ਬਿਜਲੀ ਦੀ ਤਾਰ ਪਾਈ ਗਈ ਹੈ ਉਹ 50 ਐਮ. ਐਮ. ਦੀ ਹੈ ਤੇ ਹੁਣ ਮੁਹੱਲਾ ਵਾਸੀਆਂ ਨੂੰ ਗਰਮੀਆਂ ਦੇ ਮੌਸਮ ਵਿੱਚ ਬਿਜਲੀ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ਕਾਲੀ ਨੇ ਵਾਰਡ ਨੰ.5 ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਅਗਰ ਤੁਹਾਨੂੰ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਤੁਸੀ ਮੇਰੇ ਨਾਲ ਸੰਪਰਕ ਕਰੋ ਤਾਂ ਮੈਂ ਤੁਹਾਡੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਪਰਦੀਪ ਸ਼ਰਮਾ, ਜੋਤੀ, ਨਵਦੀਪ ਸਿੰਘ, ਰਮਨ ਕੁਮਾਰ ਕਾਕੂ ਆਦਿ ਹਾਜ਼ਰ ਸਨ।