ਖੰਨਾ, 2 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਚੰਨੀ ਨੂੰ ਕਾਂਗਰਸ ਹਾਈ ਕਮਾਂਡ ਵਲੋਂ 2027 ਦੀਆਂ ਵਿਧਾਨ ਚੋਣਾਂ ਨੂੰ ਮੁੱਖ ਰੱਖਦਿਆਂ ਇਲੈੱਕਸ਼ਨ ਕੰਪੇਨ ਕਮੇਟੀ ਦਾ ਚੇਅਰਪਰਸਨ ਬਣਾਏ ਜਾਣ ’ਤੇ ਸਮੁੱਚੇ ਪੰਜਾਬ ’ਚ ਤੇ ਖ਼ਾਸ ਕਰ ਦਲਿਤ ਭਾਈਚਾਰੇ ’ਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ। ਸਮੁੱਚਾ ਦਲਿਤ ਭਾਈਚਾਰਾ ਕਾਂਗਰਸ ਦੇ ਇਸ ਫ਼ੈਸਲੇ ਤੋਂ ਖ਼ੁਸ਼ ਹੋ ਗਿਆ ਹੈ। ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤੇ ਜਾਣ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਬਲਾਕ ਕਾਂਗਰਸ ਕਮੇਟੀ ਖੰਨਾ ਦਿਹਾਤੀ ਦੇ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਨੇ ਕਿਹਾ ਕਿ ਇਸ ਨਾਲ ਪੰਜਾਬ ’ਚ ਦਲਿਤ ਭਾਈਚਾਰੇ ਦਾ ਕੱਦ ਉੱਚਾ ਹੋਇਆ ਤੇ ਮਾਣ ਵਧਿਆ ਹੈ। ਉਨ੍ਹਾਂ ਆਖਿਆ ਕਿ ਇਹ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਚ ਜਿੱਤ ਵੱਲ ਪਹਿਲਾ ਕਦਮ ਹੈ। ਕਿਉਂਕਿ ਪੰਜਾਬ ’ਚ ਲਗਭਗ 35 ਫ਼ੀਸਦੀ ਦਲਿਤ ਭਾਈਚਾਰਾ ਰਹਿੰਦਾ ਹੈ, ਜੋ ਦੇਸ਼ ਦੀਆਂ ਸਾਰੀਆਂ ਸਟੇਟਾਂ ਤੋ ਵੱਡੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਤੇ ਫਿਰ ਆਮ ਆਦਮੀ ਪਾਰਟੀ ਵਲੋਂ ਦਲਿਤ ਭਾਈਚਾਰੇ ਚੋਂ ਸੂਬੇ ਦਾ ਉਪ ਮੁੱਖ ਮੰਤਰੀ ਲਾਏ ਜਾਣ ਦਾ ਵਾਅਦਾ ਕੀਤਾ ਗਿਆ ਸੀ। ਪਰ ਦੋਵਾਂ ਪਾਰਟੀਆਂ ਨੇ ਆਪਣੇ ਸ਼ਾਸਨਕਾਲ ’ਚ ਦਲਿਤ ਭਾਈਚਾਰੇ ਨਾਲ ਧੋਖਾ ਕੀਤਾ ਤੇ ਕਿਸੇ ਵੀ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਜੋ ਬੇਹੱਦ ਅਫ਼ਸੋਸ ਵਾਲੀ ਗੱਲ ਆਖੀ ਜਾ ਸਕਦੀ ਹੈ। ਜਦ ਕਿ ਕਾਂਗਰਸ ਪਾਰਟੀ ਵਲੋਂ ਦਲਿਤ ਵਰਗ ਨੂੰ ਹਮੇਸ਼ਾ ਮਾਣ ਸਨਮਾਨ ਦਿੱਤਾ ਗਿਆ। ਇਕੋਲਾਹਾ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਜਿੱਥੇ ਪਹਿਲਾਂ ਮਲਿਕ ਅਰਜਨ ਖੜਗੇ ਨੂੰ ਆਲ ਇੰਡੀਆ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਕਿ ਦਲਿਤਾਂ ਨੂੰ ਮਾਣ ਬਖ਼ਸ਼ਿਆ ਗਿਆ ਹੈ, ਉੱਥੇ ਹੁਣ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਫ਼ਖ਼ਰ ਤੇ ਦਾਅਵੇ ਨਾਲ ਆਖਿਆ ਕਿ ਕਾਂਗਰਸ ਹੀ ਅਸਲ ’ਚ ਦਲਿਤ ਵਰਗ ਦੇ ਹਿਤਾਂ ਦੀ ਰਖਵਾਲੀ ਤੇ ਸਤਿਕਾਰ ਕਰਨ ਵਾਲੀ ਪਾਰਟੀ ਹੈ।