ਖੰਨਾ, 3 ਜੁਲਾਈ (ਹਰਜਿੰਦਰ ਸਿੰਘ ਲਾਲ)-ਮਹਾਂਕਾਲ ਬਲੱਡ ਸੇਵਾ ਸੰਸਥਾ ਵਲੋਂ 6 ਜੁਲਾਈ ਸੋਮਵਾਰ ਨੂੰ ਸਵੇਰੇ 8.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਗੁਰਦੁਆਰਾ ਬਾਬਾ ਨਿਰਗੁਣ ਦਾਸ ਸਾਹਿਬ, ਖੰਨਾ ਖ਼ੁਰਦ ਵਿਖੇ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਸਰਕਾਰੀ ਹਸਪਤਾਲ ਖੰਨਾ ਦੀ ਬਲੱਡ ਬੈਂਕ ਟੀਮ ਵੱਲੋਂ ਖੂਨ ਇਕੱਠਾ ਕੀਤਾ ਜਾਵੇਗਾ, ਬਲੱਡ ਬੈਂਕ ਇੰਚਾਰਜ ਡਾ. ਕਰਨਪ੍ਰੀਤ ਕੌਰ ਨੇ ਦੱਸਿਆ ਕਿ ਖ਼ੂਨਦਾਨ ਸਭ ਤੋਂ ਮਹਾਨ ਦਾਨ ਹੈ, ਜਿਸ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ, ਜਣੇਪੇ, ਵੱਡੇ ਆਪ੍ਰੇਸ਼ਨਾਂ, ਥੈਲੇਸੀਮੀਆ, ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਨੂੰ ਸਮੇਂ-ਸਮੇਂ ‘ਤੇ ਖੂਨ ਦੀ ਲੋੜ ਪੈਂਦੀ ਹੈ। ਅਜਿਹੇ ਸਮੇਂ ਜੇਕਰ ਬਲੱਡ ਬੈਂਕ ਵਿਚ ਲੋੜੀਂਦਾ ਖੂਨ ਉਪਲਬਧ ਹੋਵੇ ਤਾਂ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ। ਡਾ. ਕਰਨਪ੍ਰੀਤ ਕੌਰ ਨੇ ਕਿਹਾ ਕਿ ਇੱਕ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨਿਆਂ ਬਾਅਦ ਪੂਰੀ ਤਰ੍ਹਾਂ ਸੁਰੱਖਿਅਤ ਢੰਗ ਨਾਲ ਖ਼ੂਨਦਾਨ ਕਰ ਸਕਦਾ ਹੈ। ਖ਼ੂਨਦਾਨ ਕਰਨ ਨਾਲ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਸਗੋਂ ਸਰੀਰ ਵਿਚ ਨਵਾਂ ਖੂਨ ਬਣਨ ਦੀ ਪ੍ਰਕਿਰਿਆ ਹੋਰ ਤੇਜ਼ ਹੋ ਜਾਂਦੀ ਹੈ।