ਲੁਧਿਆਣਾ, 4 ਜੁਲਾਈ (ਭੁਪਿੰਦਰ ਸਿੰਘ ਬੈਂਸ)-ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਵਿਖੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੇ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਨੰਬਰ 4 ਪੰਜਾਬ ਏਅਰ ਸਕੁਐਡਰਨ ਐਨ.ਸੀ.ਸੀ. ਲੁਧਿਆਣਾ ਦੇ 48 ਕੈਡਿਟਾਂ ਨੇ ਹਿੱਸਾ ਲਿਆ ਅਤੇ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਏ.ਐਨ.ਓ. ਪਰਮਬੀਰ ਸਿੰਘ ਨੇ ਦੱਸਿਆ ਕਿ ਸੈਮੀਨਾਰ ਕਮਾਂਡਿੰਗ ਅਫ਼ਸਰ, ਨੰਬਰ 4 ਪੰਜਾਬ ਏਅਰ ਸਕੁਐਡਰਨ ਐਨ.ਸੀ.ਸੀ. ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਕੈਡਿਟਾਂ ਨੂੰ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਪਲਾਸਟਿਕ ਦਾ ਕੂੜਾ ਲੰਬੇ ਚਿਰ ਤੱਕ ਵਾਤਾਵਰਣ ਵਿਚ ਰਹਿੰਦਾ ਹੈ। ਇਸ ਕਾਰਨ ਹੋਣ ਵਾਲਾ ਪ੍ਰਦੂਸ਼ਣ ਜਾਨਵਰਾਂ, ਪੰਛੀਆਂ ਨੂੰ ਖ਼ਤਰੇ ਵਿਚ ਪਾਉਂਦਾ ਹੈ ਅਤੇ ਅੰਤ ਵਿਚ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕੈਡਿਟਾਂ ਨੂੰ ਰੋਜ਼ਾਨਾ ਜੀਵਨ ਵਿਚੋਂ ਪਲਾਸਟਿਕ ਦੀਆਂ ਚੀਜ਼ਾਂ ਨੂੰ ਹੌਲੀ-ਹੌਲੀ ਖ਼ਤਮ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਕਰਨਜੀਤ ਸਿੰਘ, ਮਨੋਜ ਕੁਮਾਰ, ਮਨਦੀਪ ਸਿੰਘ, ਰਵਿੰਦਰ ਕੌਰ, ਮਨਦੀਪ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ ਆਦਿ ਮੌਜੂਦ ਸਨ।