ਚੌਂਕੀਮਾਨ, 17 ਜੁਲਾਈ (ਤੇਜਿੰਦਰ ਸਿੰਘ ਚੱਢਾ) ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਝੋਨੇ ਦੇ ਸੀਜਨ ਹੋਣ ਕਾਰਨ ਕਿਸਾਨਾਂ ਨੂੰ ਇਸ ਸਮੇਂ ਬਿਜਲੀ ਦੀ ਸਖ਼ਤ ਜ਼ਰੂਰਤ ਹੈ, ਪਰ ਕਿਸਾਨਾਂ ਨੂੰ ਬਿਜਲੀ ਸਪਲਾਈ ਮੁਹੱਈਆਂ ਕਰਵਾਉਣ ’ਚ ਸਰਕਾਰ ਨਾਕਾਮਯਾਬ ਰਹੀ ਹੈ। ਪਿੰਡ ਤਲਵੰਡੀ ਕਲਾਂ ਤੋਂ ਪ੍ਰਧਾਨ ਜਗਜੀਤ ਸਿੰਘ ਗੋਲੂ ਤਲਵੰਡੀ, ਪੰਚ ਜਗਵਿੰਦਰ ਭੋਲਾ ਤਲਵੰਡੀ ਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦਾ ਬਿਜਲੀ ਨਾ ਮਿਲਣ ’ਤੇ ਬੁਰਾ ਹਾਲ ਹੈ, ਉਨ੍ਹਾਂ ਕਿਹਾ ਕਿ ਉਹ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਹਬੂਰ ਹਨ, ਕਿਉਂਕਿ ਪਾਵਰਕਾਮ ਵਲੋਂ ਪਾਵਰ ਕੱਟ ਦੇ ਨਾਮ ’ਤੇ ਵੱਡੇ ਕੱਟ ਲਗਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੇਸ਼ੱਕ ਵੱਡੇ-ਵੱਡੇ ਬਿਜਲੀ ਸਰਪਲੱਸ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸਚਾਈ ਬਿੱਲਕੁਲ ਇਸਦੇ ਉਲਟ ਹੈ ਉਨ੍ਹਾਂ ਕਿਹਾ ਕਿ ਜੇ ਇਹੀ ਹਾਲ ਰਿਹਾ ਤਾਂ ਜਿਆਦਾਤਰ ਕਿਸਾਨਾਂ ਨੂੰ ਝੋਨਾ ਵਾਹੁਣ ਦੀ ਨੌਬਤ ਆ ਜਾਣੀ ਹੈ, ਕਿਉਂਕਿ ਪਹਿਲਾਂ ਹੀ ਕਿਰਸਾਨੀ ਘਾਟੇ ’ਚ ਜਾ ਰਹੀ ਹੈ ਤੇ ਉਹ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਦੇ ਸਮਰੱਥ ਨਹੀਂ ਹਨ, ਉਨ੍ਹਾਂ ਕਿਹਾ ਕਿ ਪੂਰੇ ਅੱਠ ਘੰਟੇ ਵੀ ਬਿਜਲੀ ਨਹੀਂ ਮਿਲ ਰਹੀ ਕਿਤੇ ਦੋ ਘੰਟੇ ਕਿਤੇ ਤਿੰਨ ਘੰਟੇ ਬਿਜਲੀ ਆ ਰਹੀ ਹੈ ਉਹ ਵੀ ਪਾਵਰਕੱਟ ਕਹਿ ਕੇ ਕੱਟ ਲਈ ਜਾਂਦੀ ਹੈ ਜੋ ਆ ਵੀ ਰਹੀ ਹੈ ਉਹ ਵੀ ਬਿਨਾ੍ਹ ਕਿਸੇ ਟਾਈਮ ਦੇ ਕਦੇ ਰਾਤ ਕਦੇ ਸਵੇਰ ਆਪਣੀ ਮਰਜ਼ੀ ਨਾਲ ਹੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਫੋਕੇ ਦਾਅਵੇ ਛੱਡ ਕੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਕਿਸਾਨ ਰੋਟੀ ਖਾਂਦਾ ਰਹਿ ਸਕੇ।