ਡੇਹਲੋਂ, 24 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਪਿੰਡ ਜਰਖੜ ਤੋਂ ਸੁਨਹਿਰੇ ਭਵਿੱਖ ਦੀ ਭਾਲ ਵਿਚ ਮਲੇਸ਼ੀਆ ਗਏ ਨੌਜਵਾਨ ਗੁਰਦੀਪ ਸਿੰਘ (36) ਪੁੱਤਰ ਸਿਕੰਦਰ ਸਿੰਘ ਦੀ ਮਲੇਸ਼ੀਆ ਅੰਦਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਨਾਲ ਪਿੰਡ ਜਰਖੜ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਗੁਰਦੀਪ ਸਿੰਘ ਕਰੀਬ 6 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿਚ ਮਲੇਸ਼ੀਆ ਗਿਆ ਸੀ ਅਤੇ ਉੱਥੇ ਰਹਿ ਕੇ ਆਪਣਾ ਕੰਮਕਾਰ ਕਰ ਰਿਹਾ ਸੀ।ਪਰਿਵਾਰਕ ਨਜ਼ਦੀਕੀਆਂ ਨੇ ਦੱਸਿਆ ਕਿ 18 ਜੁਲਾਈ 2026 ਨੂੰ ਗੁਰਦੀਪ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਗਹਿਰਾ ਸੋਗ ਛਾ ਗਿਆ। ਬੀਤੀ ਰਾਤ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਜਰਖੜ ਵਿਖੇ ਪੁੱਜੀ, ਜਿੱਥੇ ਅੱਜ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਬਹੁਤ ਹੀ ਮਿਲਣਸਾਰ, ਨੇਕ ਦਿਲ ਅਤੇ ਸਾਦੇ ਸੁਭਾਅ ਵਾਲਾ ਇਨਸਾਨ ਸੀ। ਉਸ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਸਮੁੱਚਾ ਪਿੰਡ ਵੀ ਗਹਿਰੇ ਸਦਮੇ ਵਿਚ ਹੈ। ਪੀੜਤ ਪਰਿਵਾਰ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ, ਸਰਪੰਚ ਸੰਦੀਪ ਸਿੰਘ ਜਰਖੜ, ਸਾਬਕਾ ਸਰਪੰਚ ਦੁਪਿੰਦਰ ਸਿੰਘ ਡਿੰਪੀ ਜਰਖੜ, ਸਾਬਕਾ ਸਰਪੰਚ ਬਲਜਿੰਦਰ ਸਿੰਘ ਜਰਖੜ, ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।