ਕੂੰਮਕਲਾਂ ਇਲਾਕੇ ਵਿਚ ਚੋਰ ਗਰੋਹ ਸਰਗਰਮ, ਖੇਤਾਂ ’ਚ ਲੱਗੇ ਬਿਜਲੀ ਟਰਾਂਸਫ਼ਾਰਮਰ ਨਿਸ਼ਾਨੇ ’ਤੇ
ਕਿਸਾਨਾਂ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਦੀ ਮੰਗ
ਕੁਹਾੜਾ, 7 ਅਗਸਤ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੇ ਅਧੀਨ ਆਉਂਦੇ ਇਲਾਕੇ ਵਿਚ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਪਿਛਲੇ ਕੁੱਝ ਸਮੇਂ ਦੌਰਾਨ ਸਾਹਮਣੇ ਆਈਆਂ ਘਟਨਾਵਾਂ ਵਿਚ ਚੋਰਾਂ ਵਲੋਂ ਬੇਖ਼ੌਫ ਹੋ ਕੇ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਕੁਹਾੜਾ, 7 ਅਗਸਤ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੇ ਅਧੀਨ ਆਉਂਦੇ ਇਲਾਕੇ ਵਿਚ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਪਿਛਲੇ ਕੁੱਝ ਸਮੇਂ ਦੌਰਾਨ ਸਾਹਮਣੇ ਆਈਆਂ ਘਟਨਾਵਾਂ ਵਿਚ ਚੋਰਾਂ ਵਲੋਂ ਬੇਖ਼ੌਫ ਹੋ ਕੇ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਬਿਜਲੀ ਦੇ ਟਰਾਂਸਫ਼ਾਰਮਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੀੜਤ ਕਿਸਾਨਾਂ ਨੇ ਦੱਸਿਆ ਕਿ ਚੋਰ ਇਲਾਕੇ ਵਿਚ ਪਿਛਲੇ ਸਮੇਂ ਦੌਰਾਨ ਲਗਭਗ ਦਰਜਨ ਭਰ ਟਰਾਂਸਫ਼ਾਰਮਰਾਂ ਵਿਚੋਂ ਤਾਂਬਾ ਅਤੇ ਤੇਲ ਚੋਰੀ ਕਰ ਚੁੱਕੇ ਹਨ। ਇਸ ਕਾਰਨ ਕਿਸਾਨਾਂ ਨੂੰ ਨਾ ਸਿਰਫ਼ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਸਗੋਂ ਖੇਤੀਬਾੜੀ ਦੇ ਕੰਮਾਂ ਵਿਚ ਵੀ ਭਾਰੀ ਰੁਕਾਵਟ ਆ ਰਹੀ ਹੈ। ਪੀੜਤ ਕਿਸਾਨ ਬਾਵਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਵਿਚ ਲੱਗੇ 63 ਕੇ. ਵੀ. ਏ. ਟਰਾਂਸਫ਼ਾਰਮਰ ਨੂੰ ਚੋਰ ਤਿੰਨ ਵਾਰ ਨਿਸ਼ਾਨਾ ਬਣਾ ਚੁੱਕੇ ਹਨ ਅਤੇ ਹਰ ਵਾਰ ਉਸ ਵਿਚੋਂ ਤਾਂਬਾ ਅਤੇ ਤੇਲ ਚੋਰੀ ਕਰ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਕਿਸਾਨਾਂ ਵਿਚ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਇਸੇ ਤਰ੍ਹਾਂ ਕਿਸਾਨ ਚਰਨਜੀਤ ਸਿੰਘ, ਛਿੰਦਰਪਾਲ ਸਿੰਘ ਅਤੇ ਤਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਵਾਲੇ ਟਰਾਂਸਫ਼ਾਰਮਰਾਂ ਵਿਚੋਂ ਵੀ ਚੋਰ ਤਾਂਬਾ ਅਤੇ ਤੇਲ ਚੋਰੀ ਕਰ ਕੇ ਲੈ ਗਏ, ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਅਤੇ ਖੇਤੀਬਾੜੀ ਦੇ ਕੰਮ ਠੱਪ ਹੋ ਗਏ। ਕੁਹਾੜਾ ਦੇ ਕਿਸਾਨ ਰਵਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਚੌਂਤਾ ਪਿੰਡ ਵਿਚ ਸਥਿਤ ਉਨ੍ਹਾਂ ਦੀ ਜ਼ਮੀਨ ਵਿੱਚ ਲੱਗੇ ਟਰਾਂਸਫ਼ਾਰਮਰ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਉਸ ਵਿਚੋਂ ਤੇਲ ਤੇ ਤਾਂਬਾ ਕੱਢ ਕੇ ਫ਼ਰਾਰ ਹੋ ਗਏ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇਹਨਾਂ ਚੋਰੀਆਂ ਸੰਬੰਧੀ ਥਾਣਾ ਕੂੰਮਕਲਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰ ਪੁਲਿਸ ਵਲੋਂ ਕੋਈ ਢੁਕਵੀਂ ਕਾਰਵਾਈਨਹੀਂ ਕੀਤੀ ਜਾ ਰਹੀ ਤੇ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਨੱਥ ਪਾਉਣ ਲਈ ਰਾਤ ਸਮੇਂ ਪੁਲਿਸ ਦੀ ਗਸ਼ਤ ਵਿਚ ਵਾਧਾ ਕੀਤਾ ਜਾਵੇ ਅਤੇ ਇਨ੍ਹਾਂ ਚੋਰਾਂ ਦਾ ਜਲਦ ਕੋਈ ਠੋਸ ਹੱਲ ਕੱਢਿਆਜਾਵੇ ਤਾਂ ਜੋ ਭਵਿੱਖ ਵਿਚ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।