ਅੱਗ ਲੱਗਣ ਕਾਰਨ ਘਰ ’ਚ ਸਾਰਾ ਘਰੇਲੂ ਸਾਮਾਨ ਸੜ ਕੇ ਰਾਖ
ਮਾਛੀਵਾੜਾ ਸਾਹਿਬ, 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਰਾਹੋਂ ਰੋਡ ਤੇ ਸਥਿਤ ਗੋਬਿੰਦ ਨਗਰ ਵਿਖੇ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਾਰਨ ਉਸ ਦਾ ਸਾਰਾ ਘਰੇਲੂ ਸਮਾਨ ਸੜਕੇ ਰਾਖ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਫ਼ੈਕਟਰੀ ਵਿਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਪ੍ਰਾਈਵੇਟ ਨੌਕਰੀ ਕਰਦੀ ਹੈ।
ਮਾਛੀਵਾੜਾ ਸਾਹਿਬ, 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਰਾਹੋਂ ਰੋਡ ਤੇ ਸਥਿਤ ਗੋਬਿੰਦ ਨਗਰ ਵਿਖੇ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਾਰਨ ਉਸ ਦਾ ਸਾਰਾ ਘਰੇਲੂ ਸਮਾਨ ਸੜਕੇ ਰਾਖ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਫ਼ੈਕਟਰੀ ਵਿਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਪ੍ਰਾਈਵੇਟ ਨੌਕਰੀ ਕਰਦੀ ਹੈ। ਉਹ ਆਪਣੀ ਬੱਚੀ ਸਮੇਤ ਗੋਬਿੰਦ ਨਗਰ ਵਿਖੇ ਕਿਰਾਏ ਦਾ ਮਕਾਨ ਲੈ ਕੇ ਇੱਕ ਕਮਰੇ ਵਿਚ ਰਹਿੰਦੇ ਹਨ। ਜਦੋਂ ਉਸ ਦੀ ਪਤਨੀ ਮਨਜੀਤ ਕੌਰ ਨੌਕਰੀ ਤੋਂ ਵਾਪਸ ਘਰ ਆਈ ਤਾਂ ਉਸ ਨੇ ਦੇਖਿਆ ਕਿ ਕਮਰੇ ਵਿਚੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਉਸ ਨੇ ਅੱਗ ਬੁਝਾਉਣ ਲਈ ਤੁਰੰਤ ਗੁਆਂਢੀਆਂ ਨੂੰ ਬੁਲਾਇਆ ਅਤੇ ਉਸ ਨੂੰ ਵੀ ਸੂਚਿਤ ਕਰ ਦਿੱਤਾ। ਗੁਆਂਢੀਆਂ ਵਲੋਂ ਪਾਈਪਾਂ ਲਗਾ ਕੇ ਕਮਰੇ ਵਿਚ ਲੱਗੀ ਅੱਗ ਨੂੰ ਬੜੀ ਮਸ਼ੱਕਤ ਨਾਲ ਬੁਝਾਇਆ। ਜਦੋਂ ਤੱਕ ਅੱਗ ਬੁਝੀ ਤਾਂ ਕਮਰੇ ਦੀ ਛੱਤ ਦਾ ਕੁੱਝ ਹਿੱਸਾ ਵੀ ਡਿਗ ਚੁੱਕਾ ਸੀ ਅਤੇ ਨਾਲ ਹੀ ਪਿਆ ਘਰੇਲੂ ਸਮਾਨ ਜਿਸ ਵਿਚ ਟੀ.ਵੀ., ਫ਼ਰਿਜ, ਕੱਪੜੇ, ਬੈੱਡ ਆਦਿ ਸਾਰਾ ਕੁੱਝ ਸੜਕੇ ਸੁਆਹ ਹੋ ਚੁੱਕਾ ਸੀ। ਅੱਗ ਕਾਰਨ ਉਸ ਦੇ ਜੋ ਜ਼ਰੂਰੀ ਦਸਤਾਵੇਜ਼ ਜਿਸ ਵਿਚ ਪਹਿਚਾਣ ਪੱਤਰ ਸਨ, ਉਹ ਵੀ ਸੜ ਗਏ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਹਨ ਅਤੇ ਅੱਗ ਕਿਸ ਤਰ੍ਹਾਂ ਲੱਗੀ ਇਸ ਬਾਰੇ ਕੁੱਝ ਨਹੀਂ ਪਤਾ। ਉਨ੍ਹਾਂ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਸਾਡਾ ਸਾਰਾ ਘਰੇਲੂ ਸਮਾਨ ਸੜਕੇ ਸੁਆਹ ਹੋ ਗਿਆ ਹੈ, ਇਸ ਲਈ ਸਾਡੀ ਆਰਥਿਕ ਮਦਦ ਕੀਤੀ ਜਾਵੇ। ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਖ਼ਾਹਿਸ਼ ਸੀ ਕਿ ਦੀਵਾਲੀ ਦੇ ਤਿਉਹਾਰ ‘ਤੇ ਇਸ ਵਾਰ ਕਿਸ਼ਤਾਂ ‘ਤੇ ਮੋਟਰਸਾਈਕਲ ਲੈਣਾ ਹੈ ਕਿਉਂਕਿ ਫ਼ੈਕਟਰੀ ਆਉਣ ਜਾਣ ਸਮੇਂ ਬੜੀ ਮੁਸ਼ਕਿਲ ਆਉਂਦੀ ਸੀ। ਉਸ ਨੇ ਪੇਸ਼ਗੀ ਦੇਣ ਲਈ 38 ਹਜ਼ਾਰ ਰੁਪਏ ਜੋੜੇ ਸਨ ਅਤੇ ਹੋਰ ਕੁੱਝ ਪੈਸੇ ਜੋੜ ਕੇ ਮੋਟਰਸਾਈਕਲ ਖ਼ਰੀਦਣਾ ਸੀ ਪਰ ਅੱਗ ਨੇ ਉਸ ਦੇ ਅਰਮਾਨਾਂ ‘ਤੇ ਪਾਣੀ ਫੇਰ ਦਿੱਤਾ ਅਤੇ ਉਸ ਦਾ 38 ਹਜ਼ਾਰ ਰੁਪਏ ਵੀ ਸੜ ਕੇ ਸੁਆਹ ਹੋ ਗਿਆ।