ਰੂੜੇਕੇ ਕਲਾਂ, 2 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਾ ਗੁਰਦੁਆਰਾ ਸਾਹਿਬ ਪੱਖੋ ਕਲਾਂ ਪ੍ਰਬੰਧਕ ਕਮੇਟੀ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸੰਤ ਬਾਬਾ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਨੇ ਸੰਗਤਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਨੇ ਮਾਲਵੇ ਦੀਆਂ ਸੰਗਤਾਂ 'ਤੇ ਵਿਸ਼ੇਸ਼ ਕਿਰਪਾ ਰਹਿਮਤਾਂ ਕੀਤੀਆਂ ਹਨ | ਗੁਰੂਆਂ ਦੇ ਬਚਨਾਂ ਸਦਕਾ ਸਮੁੱਚਾ ਮਾਲਵਾ ਚੜ੍ਹਦੀ ਕਲਾ ਵਿਚ ਹੈ | ਸਾਨੂੰ ਆਪਣੇ ਪੁਰਖਿਆਂ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਸੇਧ ਲੈ ਕੇ ਹਰ ਇਕ ਘਰ ਦਾ ਬੱਚਾ ਬੱਚਾ ਅੰਮਿ੍ਤ ਛਕ ਕੇ ਸਿੰਘ ਸਜੇ | ਨੌਜਵਾਨ ਨਸ਼ਿਆਂ ਵਰਗੀਆਂ ਸਮਾਜ ਵਿਰੋਧੀ ਬੁਰਾਈਆਂ ਦਾ ਤਿਆਗ ਕਰ ਕੇ ਗੁਰੂ ਕੇ ਲੜ ਲੱਗ ਕੇ ਗੁਰਬਾਣੀ ਅਨੁਸਾਰ ਡਰ ਰਹਿਤ ਆਜ਼ਾਦ ਜ਼ਿੰਦਗੀ ਬਤੀਤ ਕਰਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਜ਼ਰ ਸਿੰਘ, ਮਾਸਟਰ ਜਗਮੇਲ ਸਿੰਘ ਪੱਖੋ ਕਲਾਂ, ਗੁਰਜੰਟ ਸਿੰਘ ਮਾਨ, ਦਰਸ਼ਨ ਸਿੰਘ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ਜਥੇਦਾਰ ਧਨੌਲਾ ਨੂੰ ਸਨਮਾਨਿਤ ਕੀਤਾ ਗਿਆ | ਪੰਥ ਦੇ ਪ੍ਰਸਿੱਧ ਰਾਗੀ ਅਤੇ ਭਾਈ ਲਖਵਿੰਦਰ ਸਿੰਘ ਅਬੁੱਲ ਖੁਰਾਨਾ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਤਨਾਮ ਸਿੰਘ, ਜਗਰਾਜ ਸਿੰਘ, ਜਸਵੀਰ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |