ਰੂੜੇਕੇ ਕਲਾਂ, 3 ਜਨਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਧੂਰਕੋਟ ਵਿਖੇ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ ਗਏ | ਧਾਰਮਿਕ ਦੀਵਾਨਾ ਦੌਰਾਨ ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਸੰਤ ਬਾਬਾ ਬੂਟਾ ਸਿੰਘ ਗੁੜਥੜੀ ਵਾਲੇ ਸਾਬਕਾ ਮੀਤ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕਿਹਾ ਕਿ ਸਾਨੂੰ ਕੁਰਬਾਨੀ ਭਰੇ ਸਿੱਖ ਇਤਿਹਾਸ ਨੂੰ ਪੜ੍ਹਨਾ 'ਤੇ ਖੋਜਣਾ ਚਾਹੀਦਾ ਹੈ | ਛੋਟੇ ਛੋਟੇ ਦੁਨਿਆਵੀ ਲਾਲਚਾਂ ਕਰ ਕੇ ਅਸੀਂ ਸਿੱਖ ਧਰਮ ਨੂੰ ਛੱਡ ਕੇ ਅਖੌਤੀ ਡੇਰਿਆਂ ਅਤੇ ਹੋਰ ਧਰਮਾਂ ਵਿਚ ਜਾ ਰਹੇ ਹਾਂ | ਜੇਕਰ ਅੱਜ ਅਸੀਂ ਆਪਣਾ ਮਨੁੱਖਾ ਜੀਵਨ ਆਜ਼ਾਦ ਬਤੀਤ ਕਰ ਰਹੇ ਹਾਂ ਤਾਂ ਇਹ ਸਾਡੇ ਗੁਰੂਆਂ ਤੇ ਸਿੱਖ ਯੋਧਿਆਂ ਤੇ ਸ਼ਹੀਦਾਂ ਵਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਹੈ | ਅੰਮਿ੍ਤ ਛਕ ਕੇ ਗੁਰੂ ਵਾਲੇ ਬਣ ਕੇ ਗੁਰਬਾਣੀ ਦੇ ਲੜ ਲੱਗ ਕੇ ਅਸੀਂ ਆਪਣਾ ਮਨੁੱਖਾਂ ਜੀਵਨ ਬਤੀਤ ਕਰੀਏ ਤਾਂ ਸਮਾਜ ਵਿਰੋਧੀ ਸਾਰੀਆਂ ਲਾਹਨਤਾਂ ਨਸ਼ੇ, ਭਰੂਣ ਹੱਤਿਆ, ਦਾਜ ਦਹੇਜ, ਲੋਭ ਲਾਲਚ ਸਭ ਦਾ ਨਾਸ ਹੋ ਜਾਵੇਗਾ | ਮਨੁੱਖਾਂ ਜ਼ਿੰਦਗੀ ਜਿਊਣ ਦਾ ਅਨੰਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਲੜ ਲੱਗ ਕੇ ਆਉਂਦਾ ਹੈ | ਜਿਹੜੇ ਦੁਨਿਆਵੀ ਲਾਲਚਾਂ ਕਰ ਕੇ ਅਸੀਂ ਆਪਣੇ ਸਿੱਖ ਧਰਮ ਨੂੰ ਛੱਡ ਰਹੇ ਹਾਂ ਦੁਨਿਆਵੀ ਵਸਤੂਆਂ ਦੀ ਲਾਲਸਾ ਵੀ ਪੂਰੀ ਨਹੀਂ ਹੁੰਦੀ ਅਤੇ ਅਸੀਂ ਆਪਣੇ ਗੁਰੂ ਨਾਲੋਂ ਟੱੁਟ ਕੇ ਬਹੁਤ ਵੱਡੇ ਪਾਪ ਦੇ ਭਾਗੀ ਬਣ ਜਾਂਦੇ ਹਾਂ | ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੰਮਿ੍ਤ ਛਕ ਕੇ ਸਿੰਘ ਸਜੋ ਗੁਰਬਾਣੀ ਅਨੁਸਾਰ ਆਪਣਾ ਮਨੁੱਖਾ ਜੀਵਨ ਬਤੀਤ ਕਰੀਏ | ਗੁਰਦੁਆਰਾ ਪ੍ਰਬੰਧਕਾਂ ਤੇ ਸੰਗਤਾਂ ਵਲੋਂ ਜਥੇਦਾਰ ਬਾਬਾ ਲਾਲ ਸਿੰਘ ਧੂਰਕੋਟ ਦੀ ਅਗਵਾਈ ਵਿਚ ਸੰਤ ਬਾਬਾ ਬੂਟਾ ਸਿੰਘ ਗੁੜਥੜੀ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |